ਖਨੌਰੀ ਬਾਰਡਰ ‘ਤੇ ਮਾਰੇ ਗਏ ਸ਼ੁਭਕਰਨ ਸਿੰਘ ਦਾ ਅੱਜ ਦੋ ਦਿਨ ਬਾਅਦ ਵਿਚ ਪੋਸਟਮਾਰਟਮ ਨਹੀਂ ਹੋਇਆ ਹੈ। ਬੀਤੀ ਸ਼ਾਮ ਕਿਸਾਨ ਨੇਤਾਵਾਂ ਦੀ ਪ੍ਰਸ਼ਾਸਨ ਨਾਲ ਗੱਲਬਾਤ ਵੀ ਹੋਈ। ਪ੍ਰਸ਼ਾਸਨ ਕਿਸਾਨ ਨੇਤਾਵਾਂ ਦੀਆਂ ਗੱਲਾਂ ਮੰਨ ਵੀ ਗਿਆ ਹੈ ਪਰ ਕਿਸਾਨ ਮੰਗਾਂ ਦੇ ਅਮਲ ਹੋਣ ਤੱਕ ਸ਼ੁਭਕਰਨ ਦੇ ਪੋਸਟਮਾਰਟਮ ਤੇ ਸਸਕਾਰ ਨੂੰ ਟਾਲ ਰਿਹਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਨੇਤਾਵਾਂ ਵੱਲੋਂ ਸ਼ੁਭਕਰਨ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਦੀ ਮੰਗ ਰੱਖੀ ਗਈ ਸੀ। ਦੂਜੀ ਮੰਗ ਸ਼ੁਭਕਰਨ ਦੀ ਮੌਤ ‘ਤੇ FIR ਦਰਜ ਕਰਵਾਉਣ ਲਈ ਕਿਹਾ ਗਿਆ। ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਤੇ ਉਨ੍ਹਾਂ ਦੇ ਨੇਤਾਵਾਂ ‘ਤੇ FIR ਹੋਣੀ ਚਾਹੀਦੀ ਹੈ। ਪੰਧੇਰ ਨੇ ਦੱਸਿਆ ਕਿ ਸ਼ੁਭਕਰਨ ਦੇ ਸਸਕਾਰ ਵਿਚ ਥੋੜ੍ਹੀ ਦੇਰੀ ਹੋ ਸਕਦੀ ਹੈ। ਪ੍ਰਸ਼ਾਸਨ ਨੇ ਮੰਗਾਂ ਨੂੰ ਮੰਨ ਲਿਆ ਹੈ ਪਰ ਜਦੋਂ ਤੱਕ ਉਨ੍ਹਾਂ ਗੱਲਾਂ ‘ਤੇ ਅਮਲ ਨਹੀਂ ਹੋਵੇਗਾ, ਸ਼ੁਭਕਰਨ ਦੇ ਪੋਸਟਮਾਰਟਮ ਤੇ ਸਸਕਾਰ ‘ਤੇ ਕੋਈ ਫੈਸਲਾ ਨਹੀਂ ਲਿਆ ਜਾਵੇਗਾ।
ਦੂਜੇ ਪਾਸੇ ਸਰਵਨ ਸਿੰਘ ਪੰਧੇਰ ਨੇ ਕੇਂਦਰ ਨਾਲ ਬੈਠਕ ‘ਤੇ ਵੀ ਰੁਖ਼ ਤੈਅ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਬੈਠਕ ਲਈ ਕਹਿ ਰਿਹਾ ਹੈ। ਅਸੀਂ ਸਮਝੌਤੇ ਲਈ ਤਿਆਰ ਹਾਂ ਪਰ ਇਸ ਵਿਚ ਪੇਚ ਫਸਿਆ ਹੈ। ਸਾਡੀ ਮੰਗ ਹੈ ਕਿ ਕੇਂਦਰ MSP ਦੇ ਹੱਲ ਲਈ ਬੈਠਕ ਰੱਖੇ ਪਰ ਉਹ ਏਜੰਡਾ ਤੈਅ ਨਹੀਂ ਕਰ ਰਹੇ ਹਨ, ਜਦੋਂ ਤੱਕ ਏਜੰਡਾ ਤੈਅ ਨਹੀਂ ਹੁੰਦਾ, ਬੈਠਕ ‘ਤੇ ਫੈਸਲਾ ਨਹੀਂ ਲਿਆ ਜਾ ਸਕਦਾ।
ਇਹ ਵੀ ਪੜ੍ਹੋ : ਖਨੌਰੀ ਬਾਰਡਰ ‘ਤੇ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਪਰਿਵਾਰ ਲਈ CM ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
ਦੱਸ ਦੇਈਏ ਕਿ ਸ਼ੁਭਕਰਨ ਬਠਿੰਡਾ ਦੇ ਬੱਲੋਂ ਪਿੰਡ ਦਾ ਰਹਿਣ ਵਾਲਾ ਹੀ। ਉਸ ਦੇ ਸਿਰ ਦੇ ਪਿੱਛਲੇ ਹਿੱਸੇ ਵਿਚ ਗੋਲੀ ਲੱਗਣ ਵਰਗਾ ਨਿਸ਼ਾਨ ਮਿਲਿਆ ਸੀ। ਜਦੋਂ ਕਿਸਾਨਾਂ ਨੇ ਖਨੌਰੀ ਬਾਰਡਰ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਉਨ੍ਹਾਂ ‘ਤੇ ਅੱਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ। ਇਸੇ ਦਰਮਿਆਨ ਸ਼ੁਭਕਰਨ ਦੇ ਸਿਰ ਦੇ ਪਿਛਲੇ ਹਿੱਸੇ ਵਿਚ ਅਚਾਨਕ ਕੁਝ ਲੱਗ ਜਾਣ ਕਾਰਨ ਉਹ ਉਥੇ ਹੀ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ।