Shiv Sena leader : ਅੰਮ੍ਰਿਤਸਰ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਬਾਈਕ ਸਵਾਰ ਨੌਜਵਾਨਾਂ ਨੇ ਸ਼ਿਵਸੈਨਾ ਪੰਜਾਬ ਦੇ ਵਾਰਡ ਪ੍ਰਧਾਨ ਮਾਣਿਕ ਸ਼ਰਮਾ ਨੂੰ ਰਸਤੇ ਵਿੱਚ ਰੋਕ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਘਟਨਾ ਬੁੱਧਵਾਰ ਰਾਤ ਸਾਢੇ 10 ਵਜੇ ਦੇ ਲਗਭਗ ਦੀ ਹੈ। ਜ਼ਖਮੀ ਹਾਲਤ ਵਿੱਚ ਨੌਜਵਾਨ ਨੂੰ ਪਹਿਲਾਂ ਅਰੋੜਾ ਹਸਪਤਾਲ ਲਿਜਾਇਆ ਗਿਆ, ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਅਮਨਦੀਪ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਛੇਹਰਟਾ ਦੀ ਇੰਚਾਰਜ ਰਾਜਵਿੰਦਰ ਕੌਰ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਜ਼ਖਮੀ ਦੇ ਬਿਆਨ ਲੈ ਕੇ ਹਰਮਨ ਹੰਮਾ, ਸਾਹਿਬ, ਰਾਜਾ ਪੁਲੇਟ, ਅਵਿਨਾਸ਼ ਉਲੜਪ ਬਸੰਤੀ ਨਿਵਾਸੀ ਗੁਰੂ ਕੀ ਵਡਾਲੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸਾਰੇ ਦੋਸ਼ੀ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਜ਼ਖਮੀ ਨੌਜਵਾਨ ਕੁਝ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਰਿਹਾਅ ਹੋ ਕੇ ਆਇਆ ਹੈ। ਹਮਲਾਵਰ ਹਰਮਨ ਹੰਮਾ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਹੀ ਪਹਿਲਾਂ ਤੋਂ ਹੀ ਉਸ ’ਤੇ ਕੇਸ ਦਰਜ ਸੀ। ਜ਼ਖਮੀ ਨੌਜਵਾਨ ਦੇ ਦੋਸਤ ਨੂਰ ਨੇ ਦੱਸਿਆ ਕਿ ਉਹ ਗੁਰਦੁਆਰੇ ਵਾਲੀ ਪਾਰਕ ਵਿੱਚ ਆਪਣੇ ਦੋਸਤ ਆਕਾਸ਼ ਬਰਾੜ ਨਾਲ ਵਾਲੀਬਾਲ ਖੇਡ ਰਿਹਾ ਸੀ। ਬਾਅਦ ਵਿੱਚ ਖੇਡਣ ਤੋਂ ਬਾਅਦ ਜਦੋਂ ਉਸ ਨੂੰ ਘਰ ਛੱਡ ਕੇ ਆਪਣੇ ਦੋਸਤ ਮਾਣਿਕ ਸ਼ਰਮਾ ਨਾਲ ਬਾਈਕ ’ਤੇ ਵਾਪਿਸ ਜਾ ਰਹੇ ਸਨ ਤਾਂ ਰਸਤੇ ਵਿੱਚ ਮੋਟਰਸਾਈਕਲ ’ਤੇ ਹੰਮਾ ਅਤੇ ਰਾਜਾ ਬੁਲੇਟ ਆਪਣੇ ਇੱਕ ਸਾਥੀ ਨਾਲ ਆਇਆ। ਪਹਿਲਾਂ ਉਸ ਦੇ ਨੇੜਿਓਂ ਨਿਕਲ ਗਿਆ ਅਤੇ ਥੋੜ੍ਹਾ ਦੂਰ ਜਾ ਕੇ ਉਨ੍ਹਾਂ ਦੇ ਮੋਟਰਸਾਈਕਲ ਦੇ ਅੱਗੇ ਆਪਣਾ ਮੋਟਰਸਾਈਕਲ ਲਗਾ ਦਿੱਤਾ ਅਤੇ ਉਨ੍ਹਾਂ ਦੇ ਮੋਟਰਾਈਕਲ ਦੀ ਚਾਬੀ ਲਾਹ ਦਿੱਤੀ। ਇੰਨੇ ਵਿੱਚ ਹੀ ਹੰਮਾ ਨੇ ਆਪਣੀ ਜੇਬ ਤੋਂ ਰਿਵਾਲਰ ਕੱਢਿਆ ਅਤੇ ਉਸ ’ਤੇ ਗੋਲੀ ਚਲਾ ਦਿੱਤੀ। ਉਸ ਨੇ ਲਗਭਗ ਤਿੰਨ ਗੋਲੀਆਂ ਚਲਾਈਆਂ, ਜਿਸ ਵਿੱਚੋਂ ਦੋ ਗੋਲੀਆਂ ਉਸ ਨੂੰ ਲੱਗੀਆਂ ਹਨ। ਗੰਭੀਰ ਹਾਲਤ ਵਿੱਚ ਉਸ ਨੂੰ ਪਹਿਲਾਂ ਅਰੋੜਾ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਥੋਂ ਅਮਨਦੀਪ ਹਸਪਤਾਲ ਵਿੱਚ ਰੈਫਰਕਰ ਦਿੱਤਾ ਗਿਆ। ਜਾੰਚ ਅਧਿਕਾਰੀ ਸਬ-ਇੰਸਪੈਕਟਰ ਕਰਮ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਹਰਮਨ ਹੰਮਾ, ਸਾਹਿਲ, ਰਾਜਾ ਬੁਲੇਟ ਅਤੇ ਅਵਿਨਾਸ਼ ਉਰਫ ਬਸੰਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।