Solar powered farm motors : ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਖੇਤਾਂ ਵਿਚ ਇਸਤੇਮਾਲ ਹੋਣ ਵਾਲੀਆਂ ਮੋਟਰਾਂ ਨੂੰ ਬਦਲ ਵਜੋਂ ਸੌਰ ਊਰਜਾ ਨਾਲ ਚਲਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਇਸ ਨਾਲ ਕਿਸਾਨਾਂ ਤੋਂ ਖੇਤੀ ਸਬਸਿਡੀ ਦਾ ਬੋਝ ਵੀ ਘਟੇਗਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਸ ਨਵੀਂ ਤਜਵੀਜ਼ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ ਭਵਿੱਖ ਸੌਰ ਊਰਜਾ ’ਚੋਂ ਵੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਜਾਪਾਨ ਸਰਕਾਰ ਤੋਂ ਵਿੱਤੀ ਮਦਦ ਲੈਣ ਦੀ ਵਿਉਂਤ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੂੰ ਖੇਤੀ ਮੋਟਰਾਂ ’ਤੇ ਸਿੱਧੀ ਸਬਸਿਡੀ ਦੇਣ ਦੇ ਮਾਮਲੇ ’ਚ ਥੋੜ੍ਹਾ ਸਮਾਂ ਪਹਿਲਾਂ ਕਈ ਵਾਰ ਸਫਾਈ ਦੇਣੀ ਪਈ ਹੈ। ਖੇਤੀ ਮੋਟਰਾਂ ਦੀ ਸਬਸਿਡੀ ਸਾਲਾਨਾ ਕਰੀਬ 6500 ਕਰੋੜ ਰੁਪਏ ਬਣਦੀ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ 14 ਲੱਖ ਖੇਤੀ ਟਿਊਬਵੈਲਾਂ ਨੂੰ ਸੌਰ ਊਰਜਾ ’ਤੇ ਚਲਾਉਣ ਲਈ ਕਰੀਬ 80 ਹਜ਼ਾਰ ਕਰੋੜ ਰੁਪਏ ਦੀ ਲੋੜ ਪੈਣੀ ਹੈ ਜੋ ਪੰਜਾਬ ਸਰਕਾਰ ਦੇ ਵੱਸ ਦਾ ਰੋਗ ਨਹੀਂ। ਵਿਸ਼ਵ ਬੈਂਕ ਜਾਂ ਹੋਰ ਕੌਮਾਂਤਰੀ ਅਦਾਰੇ ਦੀ ਮਦਦ ਨਾਲ ਇਹ ਸੰਭਵ ਹੋ ਸਕਦਾ ਹੈ।
ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਮੁੱਢਲੇ ਪੜਾਅ ’ਤੇ ਇੱਕ ਜ਼ਿਲ੍ਹੇ ਦੀਆਂ ਖੇਤੀ ਮੋਟਰਾਂ ਨੂੰ ਸੌਰ ਊਰਜਾ ’ਤੇ ਚਲਾਏ ਜਾਣ ਦਾ ਤਜਰਬਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖੇਤੀ ਟਿਊਬਵੈਲ ਪੂਰੇ ਸਾਲ ’ਚ ਸਿਰਫ਼ ਸੌ ਦਿਨ ਚੱਲਦੇ ਹਨ। ਬਾਕੀ ਦਿਨ ਸੌਰ ਊਰਜਾ ਨੂੰ ਹੋਰ ਪਾਸੇ ਵੀ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਸਟੇਟ ਕਿਸਾਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਅਗਲੇ ਮੌਨਸੂਨ ਸੈਸ਼ਨ ਵਿਚ ਲਿਆਉਣ ਬਾਰੇ ਜਾਣਕਾਰੀ ਦਿੱਤੀ, ਜਿਸ ਵਿਚ 10 ਏਕੜ ਤੋਂ ਵੱਧ ਵਾਲੇ ਕਿਸਾਨਾਂ ਨੂੰ ਖੇਤੀ ਮੋਟਰਾਂ ’ਤੇ ਸਬਸਿਡੀ ਦਿੱਤੇ ਜਾਂ ਨਾ ਦਿੱਤੇ ਜਾਣ ਬਾਰੇ ਚਰਚਾ ਹੋਵੇਗੀ।