Sri Japji Sahib Part Four : ਸ੍ਰੀ ਜਪੁਜੀ ਸਾਹਿਬ ਦੀ ਚੌਥੀ ਤੇ ਪੰਜਵੀਂ ਪਉੜੀ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਅਕਾਲ ਪੁਰਖ ਦੀ ਬੋਲੀ ਪ੍ਰੇਮ ਹੈ ਅਰਥਾਤ ਸੱਚੇ ਪ੍ਰੇਮ ਨਾਲ ਹੀ ਉਸ ਨੂੰ ਪਾਇਆ ਜਾ ਸਕਦਾ ਹੈ। ਪ੍ਰਮਾਤਮਾ ਕਿਸੇ ਦਾ ਬਣਾਇਆ ਜਾਂ ਪੈਦਾ ਕੀਤਾ ਹੋਇਆ ਨਹੀਂ ਹੈ, ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ। ਜਿਹੜਾ ਉਸ ਨੂੰ ਸਿਮਰਦਾ ਹੈ ਉਹ ਵਡਿਆਈ ਪਾ ਲੈਂਦਾ ਹੈ ਅਤੇ ਅਕਾਲ ਪੁਰਖ ਦੇ ਗੁਣ ਗਾਉਣ, ਸੁਣਨ ਤੇ ਉਸ ਦਾ ਪ੍ਰੇਮ ਮਨ ਵਿੱਚ ਟਿਕਾਉਣ ਨਾਲ ਸਾਰੇ ਦੁੱਖ ਦੂਰ ਹੋ ਕੇ ਹਿਰਦੈ ਵਿੱਚ ਸੁੱਖਾਂ ਦਾ ਵਾਸਾ ਹੁੰਦਾ ਹੈ। ਪੰਜਵੀਂ ਪਉੜੀ ਵਿੱਚ ਗੁਰੂ ਸਾਹਿਬ ਨੇ ਗੁਰੁ ਦੀ ਮਹਿਮਾ ਕੀਤੀ ਹੈ ਕਿ ਗੁਰੂ ਹੀ ਸਭ ਕੁਝ ਹੈ। ਇਥੇ ਗੁਰੂ ਸਾਡੇ ਲਈ ‘ਸ਼ਬਦ’ ਹੈ, ਜਿਵੇਂ ਕਿ ਗੁਰੂ ਸਾਹਿਬ ਦਾ ਫਰਮਾਨ ਹੈ। ਆਓ ਪੜ੍ਹੀਏ ਚੌਥੀ ਤੇ ਪੰਜਵੀਂ ਪਉੜੀ ਅਰਥ ਸਹਿਤ-
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥ ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
ਉਸ ਸੱਚੇ ਪ੍ਰਮਾਤਮਾ ਨੂੰ ਪਿਆਰ ਨਾਲ ਸਿਮਰੋ, ਯਾਦ ਕਰੋ, ਜਿਸਦਾ ਦਿੱਤਾ ਖਾਂਦੇ ਹੋ। ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਉਹ ਬਖ਼ਸ਼ਿਸ਼ਾਂ ਕਰਦਾ ਹੈ। ਫਿਰ ਅਸੀਂ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿੱਸ ਪਏ? ਸਾਡੀ ਪਹੁੰਚ ਉਸ ਤਕ ਬਣ ਆਵੇ ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ ਜਿਸ ਨੂੰ ਸੁਣ ਕੇ ਪ੍ਰਮਾਤਮਾ ਸਾਨੂੰ ਪਿਆਰ ਕਰੇ , ਅਸੀਂ ਪ੍ਰਮਾਤਮਾ ਦੇ ਨੇੜੇ ਜਾ ਸਕੀਏ , ਉਸਦੇ ਦਰਬਾਰ ਤਕ ਪਹੁਚਣ ਦਾ ਰਸਤਾ ਦਿਸ ਪਵੇ1 ਅਸੀਂ ਉਸਦਾ ਕਿਵੇਂ ਸਿਮਰਨ ,ਸੇਵਾ ਤੇ ਗੁਣਗਾਨ ਕਰੀਏ ਕੀ ਉਹ ਸਾਨੂੰ ਪਿਆਰ ਕਰੇ।
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥4॥
ਇਸੇ ਪਉੜੀ ਵਿੱਚ ਅੱਗੇ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਮ੍ਰਿਤ ਵੇਲੇ ਉਠਕੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੋ ।ਇਸ ਤਰ੍ਹਾਂ ਪ੍ਰਭੂ ਦੀ ਮਿਹਰ ਤੇ ਬਖਸ਼ਿਸ਼ ਨਾਲ ‘ਕੂੜ ਦੀ ਪਾਲਿ’ ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਕਰਮ ਕਰਕੇ ਭਾਵੇਂ ਮਨੁੱਖ ਨੂੰ ਸਰੀਰ ਮਿਲਦਾ ਹੈ ਪਰ ਮੁਕਤੀ ਉਸਦੀ ਬਖਸ਼ਿਸ਼ ਨਾਲ ਹੀ ਮਿਲੇਗੀ। ਉਹੀ ਸਚਾ ਪ੍ਰਮਾਤਮਾ ਸਭ ਗੁਣਾ ਦਾ ਖਜਾਨਾ ਹੈ।
ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥ ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥
ਪ੍ਰ੍ਮਾਤਮਾ ਥਾਪਿਆ ਨਹੀ ਜਾ ਸਕਦਾ ਨਾ ਹੀ ਉਸਦੀ ਹੋਂਦ ਇਨਸਾਨ ਦੇ ਹੱਥ ਵਿਚ ਹੈ। ਉਹ ਨਿਰੋਲ ਆਪ ਹੀ ਆਪ ਹੈ। ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਦੀ ਸੇਵਾ ਕੀਤੀ ਹੈ, ਉਸ ਨੇ ਜਸ ਖਟ ਲਿਆ ਹੈ। ਹੇ ਨਾਨਕ! ਆਓ ਅਸੀਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤ-ਸਾਲਾਹ ਤਨੋ-ਮਨੋ ਹੋਕੇ ਕਰੀਏ। ਉਸਦੇ ਗੁਣ ਗਾਣ ਨਾਲ ਮਨੁੱਖ ਆਪਣੇ ਦੁਖਾਂ ਨੂੰ ਦੂਰ ਕਰਕੇ ਸੁਖ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ।
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5॥
ਉਸ ਰੱਬ ਦਾ ਨਾਮ ਤੇ ਗਿਆਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦਾ ਹੈ, ਸਮਝ ਆਉਂਦੀ ਹੈ ਕਿ ਉਹ ਸਰਬ ਵਿਆਪਕ ਹੈ। ਗੁਰੂ ਹੀ ਸ਼ਿਵ ਹੈ, ਗੁਰੂ ਹੀ ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ ਪਾਰਬਤੀ ਹੈ। ਉਹ ਇਤਨਾ ਬੇਅੰਤ ਹੈ ਕੀ ਉਸਦਾ ਕਥਨ ਨਹੀਂ ਕੀਤਾ ਜਾ ਸਕਦਾ। ਉਸ ਅਗੇ ਅਰਦਾਸ ਕਰੋ ਕਿ ਉਹ ਸਾਨੂੰ ਸਮਝ ਦੇਵੇ ,ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ। (ਚੱਲਦਾ…)