State Level Evaluation Test : ਫਾਜ਼ਿਲਕਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨੀਖੇੜਾ ਫਾਜ਼ਿਲਕਾ ਵੱਲੋਂ ਸਰਾਕਰੀ ਸਕੂਲ ਦੇ 6ਵੀਂ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ 10 ਜੂਨ ਨੂੰ ਸਟੇਟ ਲੈਵਲ ਇਵੈਲਿਊਏਸ਼ਨ ਟੈਸਟ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਮੰਜੂ ਠੁਕਰਾ ਨੇ ਦੱਸਿਆ ਕਿ ਸਕੂਲ ਵੱਲੋਂ ਲੌਕਡਾਊਨ ਦੌਰਾਨ ਅਪ੍ਰੈਲ ਤੇ ਮਈ ਮਹੀਨੇ ਦਾ ਸਿਲੇਬਸ ਆਨਲਾਈਨ ਐਜੂਕੇਸ਼ਨ ਰਾਹੀਂ ਪੂਰਾ ਕਰਵਾ ਦਿੱਤਾ ਗਿਆ ਹੈ ਅਤੇ ਹਰ ਸਾਲ ਇਹ ਸਿਲੇਬਸ ਪੂਰਾ ਹੋਣ ਤੋਂ ਬਾਅਦ ਵਿਦਿਆਰਥੀਆਂ ਦਾ ਇਵੈਲਿਊਏਸ਼ਨ ਟੈਸਟ ਲਿਆ ਜਾਂਦਾ ਸੀ, ਪਰ ਇਸ ਵਾਰ ਸਕੂਲ ਨਾ ਲੱਗਣ ਕਾਰਨ ਵਿਦਿਆਰਥੀਆਂ ਦਾ ਇਹ ਟੈਸਟ ਆਨਲਾਈਨ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਟੈਸਟ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ 6ਵੀਂ ਤੋਂ 10ਵੀਂ ਕਲਾਸ ਦੇ ਵਿਦਿਾਰਥੀਆਂ ਲਈ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਣਯੋਗ ਜ਼ਿਲਾ ਸਿੱਖਿਆ ਅਫਸਰ ਫਾਜ਼ਿਲਕਾ ਅਤੇ ਫਾਜ਼ਿਲਲਕਾ ਦੇ ਸਾਰੇ ਪ੍ਰਿੰਸੀਪਲ ਮੁੱਖ ਅਧਿਆਪਕ ਅਤੇ ਸਕੂਲ ਮੁਖੀ ਆਪਣੇ ਵਿਦਿਆਰਥੀਆਂ ਨੂੰ ਇਸ ਟੈਸਟ ਵਿਚ ਅਪੀਅਰ ਹੋਣ ਲਈ ਪ੍ਰੇਰਿਤ ਕਰ ਰਹੇ ਹਨ। ਇਹ ਟੈਸਟ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਘਰ ਬੈਠੇ ਹੀ ਜਾਂਚਣ ਦਾ ਸਭ ਤੋਂ ਢੁਕਵਾਂ ਤਰੀਕਾ ਹੈ।
ਉਨ੍ਹਾਂ ਦੱਸਿਆ ਕਿ ਸਾਡੇ ਸਕੂਲ ਦੇ ਸਾਰੇ ਅਧਿਆਪਕਾਂ ਵੱਲੋਂ ਪਿਛਲੇ ਦੋ ਮਹੀਨਿਆਂ ਵਿਚ ਵਿਦਿਆਰਥੀਆਂ ਨੂੰ ਸਕੂਲ ਦੀ ਵੈੱਬਸਾਈਟ, ਯੂਟਿਊਬ ਚੈਨਲ ਅਤੇ ਅਧਿਆਪਕਾਂ ਵੱਲੋਂ ਤਿਆਰ ਕੀਤੇ ਗਏ ਨੋਟਸ ਗਰੁੱਪ ਵਿਚ ਸ਼ੇਅਰ ਕਰਕੇ ਪੜ੍ਹਾਇਆ ਜਾ ਰਿਹਾ ਹੈ। ਵਿਦਿਆਰਥੀ ਵੀ ਇਹ ਟੈਸਟ ਦੇਣ ਲਈ ਪੂਰੀ ਤਰ੍ਹਾਂ ਤੋਂ ਉਤਸੁਕ ਅਤੇ ਤਿਆਰ ਹਨ। ਅਖੀਰ ਵਿਚ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਟੈਸਟ ਵਿਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਅਪੀਅਰ ਕਰਵਾਇਆ ਜਾਵੇ ਤਾਂਕਿ ਸਾਡੇ ਜ਼ਿਲੇ ਵਿਚ ਕਰਵਾਏ ਜਾ ਰਹੇ ਇਸ ਮੈਗਾ ਟੈਸਟ ਨੂੰ ਸਹਿਯੋਗ ਮਿਲ ਸਕੇ।