ਪੰਜਾਬ ਓਲੰਪਿਕ ਐਸੋਸੀਏਸ਼ਨ ਵਲੋਂ ਛੇਤੀ ਹੀ ਪੰਜਾਬ ਓਲੰਪਿਕ ਭਵਨ, ਮੁਹਾਲੀ ਵਿਖੇ ਇੱਕ ‘ਹਾਲ ਆਫ ਫੇਮ’ ਦਾ ਉਦਘਾਟਨ ਕੀਤਾ ਜਾਵੇਗਾ, ਜਿੱਥੇ ਹਾਕੀ ਵਿੱਚ ਤਿੰਨ ਓਲੰਪਿਕ ਸੋਨ ਤਮਗੇ ਜਿੱਤਣ ਵਾਲੇ ਸਵ. ਬਲਬੀਰ ਸਿੰਘ ਸੀਨੀਅਰ, ਮਿਲਖਾ ਸਿੰਘ ਅਤੇ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਦੇ ਬੁੱਤ ਸਥਾਪਤ ਕਰ ਕੇ ਸਨਮਾਨਤ ਕੀਤਾ ਜਾਵੇਗਾ।
ਦੱਸ ਦੇਈਏ ਕਿ ਫਲਾਇੰਗ ਸਿੱਖ ਦੇ ਨਾਮ ਨਾਲ ਮਸ਼ਹੂਰ ਮਹਾਨ ਅਥਲੀਟ ਪਦਮਸ੍ਰੀ ਮਿਲਖਾ ਸਿੰਘ ਦਾ ਬੀਤੇ ਸ਼ੁੱਕਰਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਰਾਤ 11.30 ਵਜੇ ਆਖਰੀ ਸਾਹ ਲਿਆ। ਕੋਰੋਨਾ ਦੀ ਲਾਗ ਕਾਰਨ ਉਸ ਨੂੰ 3 ਜੂਨ ਤੋਂ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ। ਮਿਲਖਾ ਸਿੰਘ ਕੋਰੋਨਾ ਵਾਇਰਸ ਤੋਂ ਤਾਂ ਉਭਰ ਗਏ ਸਨ ਪਰ ਉਹ ਪੋਸਟ ਕੋਵਿਡ ਸਾਈਡ ਇਫੈਕਟਸ ਤੋਂ ਨਹੀਂ ਉਭਰ ਸਕੇ। ਉਹ 91 ਸਾਲਾਂ ਦੇ ਸੀ। ਉਨ੍ਹਾਂ ਦੀ ਮੌਤ ਤੋਂ ਪੰਜ ਦਿਨ ਪਹਿਲਾਂ ਉਸਦੀ ਪਤਨੀ ਨਿਰਮਲ ਮਿਲਖਾ ਸਿੰਘ ਦੀ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਮੌਤ ਹੋ ਗਈ। ਉਹ ਵੀ ਕੋਰੋਨਾ ਦੀ ਲਾਗ ਤੋਂ ਵੀ ਪੀੜਤ ਸੀ।
ਮਿਲਖਾ ਸਿੰਘ ਓਲੰਪਿਕ ਖੇਡਾਂ ਦੇ ਅਥਲੈਟਿਕਸ ਫਾਈਨਲ ਵਿੱਚ ਚੌਥੇ ਸਥਾਨ ‘ਤੇ ਆਉਣ ਵਾਲੇ ਪਹਿਲੇ ਭਾਰਤੀ ਅਥਲੀਟ ਸਨ। 1960 ਦੀਆਂ ਰੋਮ ਓਲੰਪਿਕਸ ਵਿੱਚ 400 ਮੀਟਰ ਦੌੜ ਵਿੱਚ ਦੌੜਦਿਆਂ ਉਨ੍ਹਾਂ ਫਾਈਨਲ ਵਿੱਚ ਮੌਜੂਦਾ ਓਲੰਪਿਕ ਰਿਕਾਰਡ ਤੋੜਦਿਆਂ ਚੌਥਾ ਸਥਾਨ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ : ਵੱਡੀ ਖਬਰ : ਫਤਹਿਜੰਗ ਬਾਜਵਾ ਦੇ ਪੁੱਤਰ ਨੇ ਪੁਲਿਸ ਦੀ ਨੌਕਰੀ ਲੈਣ ਤੋਂ ਕੀਤੀ ‘ਨਾਂਹ’
ਉਹ ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੋਵਾਂ ਵਿੱਚ ਅਥਲੈਟਿਕਸ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਸਨ। ਮਿਲਖਾ ਸਿੰਘ ਨੇ 1958 ਦੀਆਂ ਟੋਕੀਓ ਏਸ਼ਿਆਈ ਖੇਡਾਂ ਅਤੇ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਦੋ-ਦੋ ਸੋਨ ਤਮਗੇ ਜਿੱਤੇ। ਉਨ੍ਹਾਂ 1958 ਵਿੱਚ ਕਾਰਡਿਫ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨੇ ਦਾ ਤਮਗਾ ਜਿੱਤਿਆ। ਉਨ੍ਹਾਂ ਨੂੰ 1959 ਵਿਚ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਨਾਲ ਨਿਵਾਜਿਆ ਗਿਆ।