Strict action to be taken against : ਚੰਡੀਗੜ੍ਹ : ਸੂਬੇ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਸਟੈਂਡ ਲੈਂਦੇ ਹੋਏ ਸ਼ਰਾਬ ਮਾਫੀਆ ਨੂੰ ਸਖਤ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਕਿ ਇਸ ਮਾਮਲੇ ਵਿਚ ਦੋਸ਼ੀ ਪਾਏ ਜਾਣ ਵਾਲਾ ਚਾਹੇ ਕੋਈ ਸਿਆਸਤਦਾਨ ਜਾਂ ਸਰਕਾਰੀ ਵਿਭਾਗ ਦਾ ਅਫਸਰ ਹੋਵੇ ਜਾਂ ਕੋਈ ਹੋਰ, ਨੂੰ ਬਖਸ਼ਿਆ ਨਹੀਂ ਜਾਏਗਾ। ਨਕਲੀ ਸ਼ਰਾਬ ਨਾਲ ਲੋਕਾਂ ਨੂੰ ਮਾਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਇਸ ਤੋਂ ਭੱਜਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਸਾਰੀ ਤਾਕਤ ਮਾਫੀਆ ਖਿਲਾਫ ਕਾਰਵਾਈ ਕਰਨ ਲਈ ਲਗਾਈ ਗਈ ਹੈ। ਕੈਪਟਨ ਨੇ ਕਿਹਾ ਕਿ ਅਸੀਂ ਪੂਰੇ ਪੁਲਿਸ ਵਿਭਾਗ ਤੇ ਐਕਸਾਈਜ਼ ਵਿਭਾਗ ਨੂੰ ਦੋਸ਼ੀਆਂ ਨੂੰ ਫੜਣ ਲਗਾਇਆ ਹੋਇਆ ਹੈ ਅਤੇ ਮੈਂ ਸਪੱਸ਼ਟ ਕਹਿੰਦਾ ਹਾਂ ਕਿ ਜਿਸ ਨੂੰ ਫੜਣਾ ਹੈ ਫੜ੍ਹੋ, 2 ਦਿਨ ਵਿਚ ਇਸ ਕੰਮ ਨੂੰ ਖਤਮ ਕਰੋ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਤੇ ਪੁਲਿਸ ਕਿਉਂਕਿ ਕੋਵਿਡ ਮਹਾਮਾਰੀ ਨਾਲ ਨਜਿੱਠਣ ਵਿਚ ਲੱਗੀ ਹੋਈ ਸੀ, ਜਿਸ ਦਾ ਫਾਇਦਾ ਕੁਝ ਬੇਈਮਾਨ ਅਨਸਰਾਂ ਨੇ ਪੰਜਾਬੀਆਂ ਦੀਆਂ ਜਾਨਾਂ ਦੀ ਕੀਮਤ ‘ਤੇ ਆਪਣੇ ਲਾਲਚ ਨੂੰ ਪੂਰਾ ਕਰਨ ਲਈ ਚੁੱਕਿਆ, ਜਿਸ ਨਾਲ ਸੂਬੇ ਰਾਜ ਵਿਚ ਹੁਣ ਤਕ 449 ਜਾਨਾਂ ਗਈਆਂ ਹਨ। ਸ਼ਰਾਬ ਮਾਫੀਆ ਨੇ ਸਾਡੇ ਲੋਕਾਂ ਦੀ ਜ਼ਿੰਦਗੀ ਨਾਲ ਖੇਡਣ ਦਾ ਮੌਕਾ ਹਾਸਲ ਕਰ ਲਿਆ। ਪੰਜਾਬ ਵਿਚ ਹੋਈਆਂ ਮੌਤਾਂ ਦਾ ਜ਼ਿਕਰ ਕਰਦਿਆਂ ਕੈਪਟਨ ਨੇ ਕਿਹਾ ਕਿ ਇਨ੍ਹਾਂ ਕਤਲਾਂ ਨੂੰ ਕਰਨ ਵਾਲੇ ਕਾਤਲਾਂ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੂੰ ਪਤਾ ਸੀ ਕਿ ਇਹ ਲੋਕਾਂ ਦੀ ਜਾਨ ਲੈ ਸਕਦਾ ਹੈ ਪਰ ਫਿਰ ਵੀ ਉਨ੍ਹਾਂ ਨੇ ਬੇਕਸੂਰੇ ਲੋਕਾਂ ਨੂੰ ਇਸ ਜ਼ਹਿਰ ਦੀ ਸਪਲਾਈ ਕੀਤੀ। ਅਜਿਹੇ ਲੋਕਾਂ ‘ਤੇ ਕਿਸੇ ਵੀ ਤਰ੍ਹਾਂ ਤੋਂ ਤਰਸ ਨਹੀਂ ਕੀਤਾ ਜਾਵੇਗਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਦੇ ਦੁੱਖ ਦੀ ਘੜੀ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ ਅਤੇ ਉਹ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਕਹਾ ਕਿ ਇਹ ਸਮਾਂ ਰਾਜਨੀਤੀ ਖੇਡਣ ਦਾ ਨਹੀਂ ਹੈ, ਬਲਕਿ ਅਜਿਹੀਆਂ ਹਰਕਤਾਂ ਵਿਚ ਸ਼ਾਮਲ ਮਾਫੀਆ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿਚ ਸਰਕਾਰ ਦੇ ਨਾਲ ਖੜ੍ਹੇ ਹੋਣ ਦਾ ਹੈ। ਉਨ੍ਹਾਂ ਕਿਹਾ ਕਿ ਮਾਫੀਆ ਅਤੇ ਅਪਰਾਧੀਆਂ ਦਾ ਕੋਈ ਰਾਜਨੀਤਿਕ ਸਬੰਧ ਨਹੀਂ ਹੈ, ਉਨ੍ਹਾਂ ਦਾ ਚੰਗੇ-ਮਾੜੇ ਕਿਸੇ ਵੀ ਤਰੀਕੇ ਨਾਲ ਪੈਸਾ ਕਮਾਉਣਾ ਹੀ ਇਕੋ ਮਕਸਦ ਹੈ।