Sukhbir and Harsimrat expressed : ਅੱਜ ’ਫਾਦਰਸ ਡੇ’ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਧਰਮ ਪਤਨੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਫੇਸਬੁੱਕ ’ਤੇ ਆਪਣੇ ਇਸ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਆਪਣੇ ਪਿਤਾ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਆਪਣੇ ਦਿਲ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ। ਸੁਖਬੀਰ ਬਾਦਲ ਨੇ ਫੇਸਬੁੱਕ ’ਤੇ ਆਪਣੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਨਾਇਕ ਦੱਸ ਦੇ ਹੋਏ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਤੇ ਨਾਲ ਹੀ ਸਰਹੱਦਾਂ ’ਤੇ ਆਪਣੀਆਂ ਜਾਨਾਂ ਵਾਰਨ ਵਾਲੇ ਫੌਜੀਆਂ ਦੇ ਪਿਤਾ ਨੂੰ ਮਹਾਨ ਦੱਸਦਿਆਂ ਉਨ੍ਹਾਂ ਦੇ ਪਰਿਵਾਰਾਂ ਦਾ ਸਾਥ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਹਰ ਬੱਚੇ ਲਈ ਪਿਤਾ ਉਸ ਦਾ ਪਹਿਲਾ ਨਾਇਕ ਹੁੰਦਾ ਹੈ ਤੇ ਸਦਾ ਰਹਿੰਦਾ ਹੈ ਤੇ ਮੇਰੇ ਪਿਤਾ ਲਈ ਮੈਂ ਜਿੰਨਾ ਵੀ ਸ਼ੁਕਰਾਨਾ ਕਰਾਂ, ਓਨਾ ਹੀ ਘੱਟ ਹੈ। ਮੈਂ ਅਜਿਹਾ ਇਸ ਕਰਕੇ ਵੀ ਕਹਿੰਦਾ ਹਾਂ ਕਿਉਂਕਿ ਉਹ ਮੇਰਾ ’ਪਹਿਲਾ ਤੇ ਸਦਾਬਹਾਰ ਨਾਇਕ’ ਹੈ।
ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਮਹਿਜ਼ ਇਕ ਚੰਗੇ ਇਨਸਾਨ ਜਾਂ ਸੰਸਥਾ ਹੋਣ ਤੱਕ ਸੀਮਤ ਨਹੀਂ ਹਨ, ਉਹ ਅਜਿਹੀਆਂ ਸਾਰੀਆਂ ਪਰਿਭਾਸ਼ਾਵਾਂ ਤੋਂ ਪਰ੍ਹੇ ਹਨ। ਪਰ ਬਾਦਲ ਸਾਹਿਬ ਦੇ ਆਪਣੇ ਵਿਚਾਰ ਮੁਤਾਬਕ ਸਾਡੇ ਵਿਚੋਂ ਸਭ ਤੋਂ ਮਹਾਨ ਪਿਤਾ ਸਾਡੇ ਸੂਰਬੀਰ ਫੌਜੀਆਂ ਦੇ ਪਿਤਾ ਹਨ। ਜਿਨ੍ਹਾਂ ਫੌਜੀਆਂ ਨੇ ਸਾਡੇ ਮੁਲਕ ਦੀਆਂ ਸਰਹੱਦਾਂ, ਸਾਡੀ ਆਜ਼ਾਦੀ ਅਤੇ ਸਨਮਾਨ ਦੀ ਰਾਖੀ ਲਈ ਜਾਨਾਂ ਵਾਰ ਕੇ ਐਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਦਾ ਇਹ ਕਰਜ਼ਾ ਅਸੀਂ ਕਦੇ ਚੁਕਾ ਨਹੀਂ ਸਕਾਂਗੇ। ਉਨ੍ਹਾਂ ਅੱਗੇ ਲਿਖਿਆ ਕਿ ਆਓ ਅਸੀਂ ਸਾਰੇ ਪੂਰੇ ਦਿਨ ਨਾਲ ਦੇਸ਼ ਦੇ ਉਨ੍ਹਾਂ ਕੌਮੀ ਨਾਇਕਾਂ ਦੇ ਪਿਤਾਵਾਂ ਅਤੇ ਪਰਿਵਾਰਾਂ ਦੇ ਨਾਲ ਖੜ੍ਹੀਏ।
ਉਥੇ ਹੀ ਹਰਸਿਮਰਤ ਬਾਦਲ ਨੇ ਫੇਸਬੁੱਕ ’ਤੇ ਆਪਣੇ ਪਿਤਾ ਨੂੰ ਫਾਦਰਸ ਡੇ ਦੀਆਂ ਮੁਬਾਰਕਾਂ ਦਿੰਦੇ ਹੋਏ ਲਿਖਿਆ- ’ਮੇਰੇ ਪਿਤਾ ਇਨਸਾਨ ਜੋ ਮੈਨੂੰ ਨਿਰੰਤਰ ਪ੍ਰੇਰਨਾ ਦਿੰਦਾ ਆ ਰਹੇ ਹਨ, ਅਤੇ ਉਨ੍ਹਾਂ ਨੇ ਸਿਖਾਇਆ ਹੈ ਕਿ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ‘ਤੇ ਚੱਲਦੇ ਹੋਏ, ਇਹ ਜੀਵਨ ਉਸ ਅਕਾਲ ਪੁਰਖ ਨੂੰ ਸਮਰਪਿਤ ਕਰਨਾ ਹੈ। ਜੇ ਇਸ ਜਨਮ ਵਿੱਚ ਮੈਂ ਆਪਣੇ ਪਿਤਾ ਦੀ ਸ਼ਖ਼ਸੀਅਤ ਦਾ ਇੱਕ ਅੰਸ਼ ਮਾਤਰ ਵੀ ਬਣ ਸਕੀ, ਤਾਂ ਮੈਂ ਖ਼ੁਦ ਨੂੰ ਵਡਭਾਗੀ ਸਮਝਾਂਗੀ। ਸੰਸਾਰ ਦੇ ਸਾਰੇ ਪਿਆਰੇ ਪਿਤਾਵਾਂ ਨੂੰ ਮੇਰੇ ਵੱਲੋਂ ਚੰਗੀ ਸਿਹਤ ਤੇ ਖੁਸ਼ਹਾਲ ਜ਼ਿੰਦਗੀ ਦੀਆਂ ਸ਼ੁਭਕਾਮਨਾਵਾਂ।’