SUKHBIR BADAL AND : ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਅੰਦੋਲਨ ਲਈ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਇੱਕ ਮਹੀਨੇ ਤੋਂ ਦਿੱਲੀ ਦੀ ਸਰਹੱਦ ‘ਤੇ ਲੜ ਰਹੇ ਕਿਸਾਨਾਂ ਦੇ ਮਨ ਨੂੰ ਸੁਣੋ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਅੰਦੋਲਨਕਾਰੀ ਕਿਸਾਨਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ। ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੜਾਕੇ ਦੀ ਠੰਡ ਵਿਚ ਸ਼ਾਂਤੀਪੂਰਵਕ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਪ੍ਰਤੀ ਢਿੱਲਮੱਠ ਵਾਲਾ ਤੇ ਬੇਰਹਿਮੀ ਰਵੱਹੀਆ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਸਰਕਾਰ ਪਿਛਲੇ ਸੰਸਦੀ ਇਜਲਾਸ ਵਿਚ ਜਬਰੀ ਪਾਸ ਕਰਵਾਏ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਆਵਾਜ਼ ਚੁੱਕਣ ’ਤੇ ਕਿਸਾਨਾਂ ਨੂੰ ਸਜ਼ਾ ਦੇਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਕੇਂਦਰ ਨੇ ਅਜਿਹੀ ਨੀਤੀ ਅਪਣਾਈ ਹੋਈ ਹੈ, ਜਿਸ ਨਾਲ ਕਿਸਾਨ ਥੱਕ ਜਾਣ। ਗੱਲਬਾਤ ਦਾ ਸ਼ਗੂਫਾ ਛੱਡਣ ਦਾ ਮਕਸਦ ਸਿਰਫ ਕਿਸਾਨਾਂ ਨੂੰ ਬਦਨਾਮ ਕਰਨਾ ਅਤੇ ਇਹ ਪ੍ਰਭਾਵ ਦੇਣਾ ਹੈ ਕਿ ਉਹ ਅੜੀਅਲ ਹਨ। ਸੱਚਾਈ ਇਹ ਹੈ ਕਿ ਇਹ ਕੇਂਦਰ ਹੈ ਜੋ ਦੇਸ਼ ਭਰ ਦੇ ਕਿਸਾਨਾਂ ਵਲੋਂ ਪ੍ਰਵਾਨ ਨਾ ਕੀਤੇ ਜਾ ਰਹੇ ਤਿੰਨ ਖੇਤੀ ਐਕਟਾਂ ਨੂੰ ਰੱਦ ਕਰਨ ਤੋਂ ਇਨਕਾਰ ਕਰਕੇ ਅੜਬ ਰਵੱਈਆ ਅਪਣਾਈ ਬੈਠਾ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੰਜੀਦਗੀ ਨਾਲ ਤਿੰਨ ਖੇਤੀ ਐਕਟ ਖਾਰਜ ਕਰਨ ਦੇ ਤਰੀਕਿਆਂ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ। ਇਸ ਨੂੰ ਕਿਸਾਨਾਂ ਨੂੰ ਵੱਖਵਾਦੀ ਦੱਸ ਕੇ ਬਦਨਾਮ ਕਰਨ ਅਤੇ ਆੜ੍ਹਤੀਆਂ ਨੂੰ ਇਨਕਮ ਟੈਕਸ ਦੇ ਛਾਪਿਆਂ ਰਾਹੀਂ ਪੀੜ੍ਹਤ ਕਰਨ ਤੋਂ ਵੀ ਗੁਰੇਜ ਕਰਨਾ ਚਾਹੀਦਾ ਹੈ। ਚੰਗਾ ਹੋਵੇਗਾ ਜੇਕਰ ਕੇਂਦਰ ਸਰਕਾਰ ਸੰਸਦ ਦਾ ਇਕ ਰੋਜ਼ਾ ਵਿਸ਼ੇਸ਼ ਇਜਲਾਸ ਸੱਦ ਕੇ ਤਿੰਨੇ ਖੇਤੀ ਕਾਨੂੰਨ ਰੱਦ ਕਰ ਦਵੇ। ਜਦੋਂ ਅਜਿਹਾ ਕਰ ਦਿੱਤਾ ਗਿਆ ਤਾਂ ਫਿਰ ਕਿਸਾਨਾਂ ਨਾਲ ਸਲਾਹ-ਮਸ਼ਵਰਾ ਕਰਕੇ ਨਵੇਂ ਕਾਨੂੰਨ ਬਣਾਏ ਜਾ ਸਕਦੇ ਹਨ। ਮੈਨੂੰ ਇਸ ਤਰਕ ਵਿਚ ਕੁੱਝ ਵੀ ਗਲਤ ਨਹੀਂ ਦਿਖਦਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਹ ਪ੍ਰਭਾਵ ਹੋਰ ਮਜਬੂਤ ਹੋਵੇਗਾ ਕਿ ਕਾਰਪੋਰੇਟ ਘਰਾਣੇ ਜੋ ਸਰਕਾਰ ਰਾਹੀਂ ਕਿਸਾਨਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ, ਉਹ ਚੱਲ ਰਹੇ ਕਿਸਾਨ ਸੰਘਰਸ਼ ਦੇ ਵਾਜਿਬ ਹੱਲ ਦੇ ਰਾਹ ਵਿਚ ਅੜਿੱਕਾ ਬਣੇ ਹੋਏ ਹਨ।
ਰੰਧਾਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁੱਕਰਵਾਰ ਨੂੰ ਕਿਸਾਨਾਂ ਨੂੰ ਦਿੱਤਾ ਗਿਆ ਸੰਦੇਸ਼ ਮੁੰਗੇਰੀ ਲਾਲ ਦੇ ਖੂਬਸੂਰਤ ਸੁਪਨਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਰੰਧਾਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਝੂਠ ਦਾ ਪੁਲੰਦਾ ਸੀ। ਜੇ ਉਹ ਦਿੱਲੀ ਵਿਚ ਬੈਠੇ ਲੱਖਾਂ ਕਿਸਾਨਾਂ ਦੇ ਮਨਾਂ ਨੂੰ ਨਹੀਂ ਸੁਣ ਰਿਹਾ, ਤਾਂ ਇਸ ਤਰ੍ਹਾਂ ਦੇ ਭਾਸ਼ਣ ਦਾ ਕੀ ਫਾਇਦਾ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਕਿਸਾਨਾਂ ਦੇ ਦਿਲਾਂ ਦੀ ਗੱਲ ਸੁਣਨੀ ਚਾਹੀਦੀ ਹੈ ਜਿਹੜੇ ਦਿੱਲੀ-ਹਰਿਆਣਾ ਸਰਹੱਦ ‘ਤੇ ਧਰਨਾ ਦੇ ਰਹੇ ਹਨ।