Sukhbir Badal writes : ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇੱਕ ਪੱਤਰ ਲਿਖਿਆ ਜਿਸ ‘ਚ ਉਨ੍ਹਾਂ ਨੇ ਦੇਸ਼ ‘ਚ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੁਹਿੰਮ ‘ਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਸਲ ਸੰਘੀ ਢਾਂਚਾ ਸਥਾਪਿਤ ਕਰਨ ਲਈ ਠੋਸ ਮੁਹਿੰਮ ਦੀ ਜ਼ਰੂਰਤ ਹੈ। ਪੰਜਾਬ ਤੇ ਪੱਛਮੀ ਬੰਗਾਲ ਦੀ ਇਸ ‘ਚ ਸ਼ੁਰੂ ਤੋਂ ਹੀ ਅਹਿਮ ਭੂਮਿਕਾ ਰਹੀ ਹੈ ਜਿਸ ਦੀ ਬਦੌਲਤ ਭਾਰਤ ਇੱਕ ਮਜ਼ਬੂਤ ਸੰਘੀ ਰਾਜ ਬਣਿਆ ਹੈ।
ਸ. ਬਾਦਲ ਨੇ ਕਿਹਾ ਕਿ ਕੇਂਦਰ ਵੱਲੋਂ ਗਲਤ ਕਾਨੂੰਨ ਪਾਸ ਕਰਕੇ ਰਾਜਾਂ ਦੀਆਂ ਸ਼ਕਤੀਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਉਹਨਾਂ ਕਿਹਾ ਕਿ ਸਾਨੂੰ ਇਹ ਰਵਾਇਤ ਜਾਰੀ ਰੱਖਣੀ ਚਾਹੀਦੀ ਹੈ ਅਤੇ ਹਮ ਖਿਆਲੀ ਪਾਰਟੀਆਂ ਨੂੰ ਸੰਵਿਧਾਨ ਨਿਰਮਾਤਿਆਂ ਦੀਆਂ ਭਾਵਨਾਵਾਂ ਅਨੁਸਾਰ ਦੇਸ਼ ਵਿਚ ਸਹੀ ਸੰਘੀ ਢਾਂਚਾ ਸਥਾਪਿਤ ਕਰਨ ਵਾਸਤੇ ਸਟੈਂਡ ਲੈਣਾ ਚਾਹੀਦਾ ਹੈ। ਕੇਂਦਰ ਵੱਲੋਂ ਬਣਾਏ ਗਏ ਗਲਤ ਕਾਨੂੰਨਾਂ ਦੀ ਇੱਕ ਮਜ਼ਬੂਤ ਮਿਸਾਲ ਖੇਤੀ ਦੇ 3 ਨਵੇਂ ਕਾਨੂੰਨ ਹਨ ਜਿਸ ਕਾਰਨ ਅੱਜ ਅੰਨਦਾਤਾ ਸੜਕਾਂ ‘ਤੇ ਹਨ। ਉਨ੍ਹਾਂ ਨੇ ਮਮਤਾ ਬੈਨਰਜੀ ਨੂੰ ਕਿਸਾਨੀ ਹੱਕਾਂ ਲਈ ਲੜਾਈ ਵਾਸਤੇ ਸ਼ੁਭ ਕਾਮਨਾਵਾਂ ਭੇਂਟ ਕੀਤੀ ਤੇ ਨਾਲ ਹੀ ਉਨ੍ਹਾਂ ਨੇ TMC ਦੇ ਸੰਸਦ ਮੈਂਬਰਾਂ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਵੀ ਸ਼ਲਾਘਾ ਕੀਤੀ।
ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਵਾਸਤੇ ਤੇ ਸੰਘੀ ਢਾਂਚੇ ਦੇ ਹੱਕ ਵਿਚ ਵੱਧ ਚੜ੍ਹ ਕੇ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮੈਨੁੰ ਵਿਸ਼ਵਾਸ ਹੈ ਕਿ ਮਮਤਾ ਬੈਨਰਜੀ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਨਾਲ ਸਾਡੇ ਸਾਂਝੇ ਯਤਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ, ਸ. ਸਿਕੰਦਰ ਸਿੰਘ ਮਲੂਕਾ ਤੇ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਜਾਵੇਗੀ ਜੋ ਇਨ੍ਹਾਂ ਮੁੱਦਿਆਂ ‘ਤੇ ਹਮਖਿਲਾਈ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ।