Sukhpal Khaira sent complaints : ਚੰਡੀਗੜ੍ਹ : ਪੰਜਾਬ ਦੇ ਵਿਧਾਇਕ ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਅਤੇ ਕਪੂਰਥਲਾ ਦੇ ਪੁਲਿਸ ਮੁਖੀਆਂ ਨੂੰ ਸ਼ਿਕਾਇਤਾਂ ਭੇਜ ਕੇ ਮੰਗ ਕੀਤੀ ਹੈ ਕਿ ਕੋਵਿਡ ਨਿਯਮਾਂ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦੀਆਂ ਰਿਹਾਇਸ਼ਾਂ ’ਤੇ ਛਾਪੇਮਾਰੀ ਕਰਨ ਵਾਲੇ ਈਡੀ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇੱਕ ਸੁਰੱਖਿਆ ਅਫਸਰ ਏਐਸਆਈ ਓਂਕਾਰ ਸਿੰਘ 12 ਮਾਰਚ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਇਸ ਨੂੰ ਈਡੀ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਮੰਨਿਆ ਜਾਵੇਗਾ ਕਿ ਉਹ ਕੋਵਿਡ ਨਿਯਮਾਂ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਆਏ।
ਦੱਸਣਯੋਗ ਹੈ ਕਿ 9 ਮਾਰਚ ਨੂੰ ਕਪੂਰਥਲਾ ਜ਼ਿਲ੍ਹੇ ਅਧੀਨ ਪੈਂਦੇ ਭੁਲੱਥ ਤੋਂਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਵਿੱਚ ਸੈਕਟਰ-5 ਸਥਿਤ ਘਰ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਅੱਜ ਸਵੇਰੇ ਛਾਪਾ ਮਾਰਿਆ। ਇਹ ਰੇਡ ਸਵੇਰੇ ਲਗਭਗ 7.30 ਵਜੇ ਦੇ ਕਰੀਬ ਮਾਰੀ ਗਈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ‘ਤੇ ਮਨੀ ਲਾਂਡ੍ਰਿੰਗ ਦੇ ਕੇਸ ਵਿੱਚ ਇਹ ਛਾਪਾ ਮਾਰਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਈਡੀ ਦਾ ਇਹ ਛਾਪਾ ਕਿਸਾਨੀ ਅੰਦੋਲਨ ਕਰਕੇ ਵੀ ਵਿਧਾਇਕ ਦੇ ਘਰ ‘ਤੇ ਮਾਰਿਆ ਗਿਆ ਹੈ ਕਿਉਂਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੀ ਹਿਮਾਇਤ ਕਰਦੇ ਰਹੇ ਹਨ ਅਤੇ ਨਵਰੀਤ ਸਿੰਘ ਕੇਸ ਵਿੱਚ ਵੀ ਉਹ ਅਹਿਮ ਭੂਮਿਕਾ ਨਿਭਾ ਰਹੇ ਹਨ।
ਈਡੀ ਦੀ ਰੇਡ ਤੋਂ ਬਾਅਦ ਖ਼ਹਿਰਾ ਨੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੂੰ ਯੂ.ਏ.ਪੀ.ਏ. ਦਾ ਵਿਰੋਧ ਕਰਨ, ਕਿਸਾਨ ਅੰਦੋਲਨ ਨਾਲ ਖੜ੍ਹੇ ਹੋਣ, ਉੱਤਰ ਪ੍ਰਦੇਸ਼ ਦੇ ਕਿਸਾਨ ਨਵਰੀਤ ਸਿੰਘ ਦੇ ਮਾਮਲੇ ਵਿੱਚ ਜਾਂਚ ਕਰਵਾਉਣ ਲਈ ਆਵਾਜ਼ ਉਠਾਉਣ ਕਰਕੇ ਉਨ੍ਹਾਂ ਨੂੰ ਕੇਂਦਰ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਰਕਾਰ ਹਰ ਉਸ ਵਿਅਕਤੀ ਦੀ ਆਵਾਜ਼ ਦੱਬਣਾ ਚਾਹੁੰਦੀ ਹੈ ਜੋ ਕਿਸੇ ਵੀ ਮੁੱਦੇ ’ਤੇ ਸਰਕਾਰ ਦੀ ਅਲੋਚਨਾ ਕਰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਈ.ਡੀ. ਵੱਲੋਂ ਉਨ੍ਹਾਂ ਨੂੰ ਕੇਵਲ ‘ਮਨੀ ਲਾਂਡਰਿੰਗ’ ਸੰਬੰਧੀ ਹੀ ਨੋਟਿਸ ਦਿੱਤਾ ਗਿਆ ਹੈ ਅਤੇ ਉਨ੍ਹਾਂ ਬਾਰੇ ਜਾਅਲੀ ਪਾਸਪੋਰਟ ਆਦਿ ਬਾਰੇ ਜੋ ਗੱਲ ਫ਼ੈਲਾਈ ਜਾ ਰਹੀ ਹੈ, ਉਸ ਵਿੱਚ ਜ਼ਰਾ ਵੀ ਸੱਚਾਈ ਨਹੀਂ ਹੈ।