Teachers writeup competition : ਚੰਡੀਗੜ੍ਹ : ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਚੋਣਾਂ ਦੌਰਾਨ ਅਧਿਆਪਕਾਂ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਦੇ ਸਨਮਾਨ ਵਿੱਚ ਲਿਖਤੀ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ, ਜਿਸ ਵਿੱਚ 626 ਅਧਿਆਪਕਾਂ ਨੇ ਲਿਖਤੀ ਪ੍ਰਤੀਯੋਗਤਾ ਲਈ ਆਪਣੀਆਂ ਐਂਟਰੀਆਂ ਭੇਜੀਆਂ ਹਨ। ਇਨ੍ਹਾਂ ਵਿਚੋਂ ਸਰਵੋਤਮ ਤਿੰਨ ਐਂਟਰੀਆਂ ਨੂੰ ਚੁਣ ਕੇ ਕਲ੍ਹ 5 ਸਤੰਬਰ ਨੂੰ ਅਧਿਆਪਕ ਦਿਵਸ ‘ਤੇ ਜ਼ਿਲ੍ਹਾ ਪੱਧਰ ’ਤੇ ਨਕਦ ਇਨਾਮ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ। ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਨੇ ਦਿੱਤੀ। ਇਹ ਮੁਕਾਬਲਾ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਦੇ ਵਿਸ਼ੇਸ਼ ਪ੍ਰਵਾਨਗੀ ‘ਤੇ ਚੋਣ ਪ੍ਰਕਿਰਿਆ ਵਿਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਲਈ ਕਰਵਾਇਆ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਦੇ ਅਧਿਆਪਕਾਂ ਲਈ ਤਿੰਨ ਵਿਸ਼ਿਆਂ ਨਾਲ ਸੰਬੰਧਤ ਲਿਖਤੀ ਮੁਕਾਬਲਾ ਕਰਵਾਇਆ ਗਿਆ ਸੀ, ਜਿਸ ਵਿੱਚ ਕੋਵਿਡ-19 ਦੌਰਾਨ ਤਜ਼ਰਬੇ, ਚੁਣੌਤੀਆਂ ਅਤੇ ਇਲੈਕਸ਼ਨ ਡਿਊਟੀ ਨੂੰ ਸੁਖਾਵੇਂ ਬਣਾਉਣ ਸਬੰਧੀ ਤਿੰਨ ਵਿਸ਼ੇ ਰਕੇ ਗਏ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ‘ਤੇ ਕੁੱਲ 626 ਐਂਟਰੀਆਂ ਪ੍ਰਾਪਤ ਹੋਈਆਂ ਹਨ ਅਤੇ ਚੋਟੀ ਦੀਆਂ ਤਿੰਨ ਐਂਟਰੀਆਂ ਨੂੰ ਜ਼ਿਲ੍ਹਾ ਪੱਧਰ’ ਤੇ ਮੈਰਿਟ ਦੇ ਸਰਟੀਫਿਕੇਟ ਦਿੱਤੇ ਜਾਣਗੇ। ਇਸ ਸੰਬੰਧੀ 5 ਸਤੰਬਰ ਦੁਪਹਿਰ 12 ਵਜੇ ਇਕ ਫੇਸਬੁੱਕ ਲਾਈਵ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਦਰਸ਼ਕ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਫੇਸਬੁੱਕ ਪੇਜ ’ਤੇ ਜਾ ਸਕਦੇ ਹਨ ਜਿਥੇ ਸਮਾਗਮ ਦਾ ਲਿੰਕ https://www.facebook.com/TheCEOPunjab ਤੇ 11.45 ਵਜੇ ਪੋਸਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐਸ. ਕਰੁਣਾ ਰਾਜੂ ਦਰਸ਼ਕਾਂ ਨੂੰ ਸੰਬੋਧਨ ਕਰਨਗੇ ਅਤੇ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਜੇਤੂਆਂ ਦਾ ਐਲਾਨ ਕਰਨਗੇ।