Tele monitoring of home isolated : ਚੰਡੀਗੜ੍ਹ : ਪੰਜਾਬ ਵਿੱਚ ਘਰੇਲੂ ਇਕਾਂਤਵਾਸ ਅਧੀਨ ਬਿਨਾਂ ਲੱਛਣਾਂ ਵਾਲੇ ਅਤੇ ਹਲਕੇ ਲੱਛਣ ਵਾਲੇ ਕੋਵਿਡ ਮਰੀਜ਼ਾਂ ਦੀ ਪ੍ਰੋਫੈਸ਼ਨਲ ਹੋਮ ਹੈਲਥਕੇਅਰ ਕੰਪਨੀਆਂ ਦੇ ਇੱਕ ਸਹਾਇਤਾ ਗਰੁੱਪ ਵੱਲੋਂ ਸਖ਼ਤ ਤੇ ਰੈਗੂਲਰ ਨਿਗਰਾਨੀ ਕੀਤੀ ਜਾਵੇਗੀ। ਇਹ ਟੈਲੀ ਮਾਨੀਟਰਿੰਗ ਕੱਲ੍ਹ ਸ਼ੁੱਕਰਵਾਰ ਤੋਂ ਸ਼ੁਰੂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਪ੍ਰਣਾਲੀ ਤਹਿਤ 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰੀਜ਼ਾਂ ਦੀ ਮਾਨੀਟਰਿੰਗ ਪਹਿਲ ਦੇ ਅਧਾਰ ‘ਤੇ ਕੀਤੀ ਜਾਵੇਗੀ। ਹੋਮ ਆਈਸੋਲੇਟ ਕੀਤੇ ਗਏ ਇਛੁੱਕ ਮਰੀਜ਼ਾਂ ਲਈ ਵੀਡੀਓ ਕਾਲ ਰਾਹੀਂ ਡਾਕਟਰੀ ਸਲਾਹ-ਮਸ਼ਵਰੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਨਾਲ ਉਨ੍ਹਾਂ ਦੇ ਇਕਾਂਤਵਾਸ ਦੌਰਾਨ ਕਿਸੇ ਵੀ ਡਾਕਟਰੀ ਸਹਾਇਤਾ ਅਤੇ ਡਾਕਟਰਾਂ ਨਾਲ ਸਲਾਹ-ਮਸ਼ਵਰੇ ਲਈ ਇੱਕ ਵੱਖਰਾ ਨੰਬਰ ਐਸਐਮਐਸ ਰਾਹੀਂ ਸਾਂਝਾ ਕੀਤਾ ਜਾਵੇਗਾ। ਹੋਮ ਆਈਸੋਲੇਟ ਕੀਤੇ ਗਏ ਮਰੀਜ਼ਾਂ ਦੀ ਜਾਂਚ ਰੋਜ਼ਾਨਾ ਫੋਨ ਨੰਬਰ 01206679850, 08068972066 ਅਤੇ 04068118722 ਰਾਹੀਂ ਕੀਤੀ ਜਾਵੇਗੀ। ਮਰੀਜ਼ਾਂ ਨੂੰ ਇਨ੍ਹਾਂ ਨੰਬਰਾਂ ਤੋਂ ਫੋਨ ਆਉਣ ‘ਤੇ ਚੁੱਕਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਸ ਉਦੇਸ਼ ਲਈ ਸੂਬਾ ਸਰਕਾਰ ਵੱਲੋਂ ਮੈਸਰਜ਼ ਹੈਲਥ ਵਿਸਟਾ ਪ੍ਰਾਈਵੇਟ ਲਿਮਟਿਡ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਅਤੇ ਉਨ੍ਹਾਂ ਦੇ ਪ੍ਰੋਫੈਸ਼ਨਲ ਸਿਹਤ ਦੇਖਭਾਲ ਟੈਲੀਕਾਲਰ ਰੋਜ਼ਾਨਾ 10 ਤੋਂ ਵੀ ਘੱਟ ਦਿਨਾਂ ਲਈ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਸਿਹਤ ਦੀ ਨਿਗਰਾਨੀ ਕਰਨਗੇ। ਇਸ ਗਰੁੱਪ ਕੋਲ ਦਿੱਲੀ, ਮੁੰਬਈ, ਚੇਨਈ ਅਤੇ ਕਰਨਾਟਕ ਸਮੇਤ ਹੋਰਨਾਂ ਸੂਬਿਆਂ ਵਿੱਚ ਵੀ ਅਜਿਹੀ ਨਿਗਰਾਨੀ ਦਾ ਤਜ਼ਰਬਾ ਹੈ।