Tests performed on 15 : ਚੰਡੀਗੜ੍ਹ : ਕੋਵਿਡ ਟੈਸਟਿੰਗ ਦੇ ਨਾਂ ’ਤੇ ਕੁਝ ਪ੍ਰਾਈਵੇਟ ਲੈਬਾਂ ਵੱਲੋਂ ਪੈਸਾ ਲੁੱਟਣ ਦਾ ਕੰਮ ਲਗਾਤਾਰ ਜਾਰੀ ਹੈ। ਇਹ ਲੈਬਸ ਮਰੀਜ਼ ਦੀ ਪਾਕੇਟ ਦੇਖ ਕੇ ਉਨ੍ਹਾਂ ਨੂੰ ਰਿਪੋਰਟ ਦਿੰਦੀਆਂ ਹਨ। ਜੇਕਰ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਹੈ ਤਾਂ ਰਿਪੋਰਟ ਪਾਜ਼ੀਟਿਵ ਦੱਸ ਦੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਟੈਸਟ ਕਰਕੇ ਖੂਬ ਨੋਟ ਕਮਾਏ ਜਾ ਰਹੇ ਹਨ, ਜਦਕਿ ਆਰਥਿਕ ਹਾਲਤ ਕਮਜ਼ੋਰ ਹੈ ਤਾਂ ਰਿਪੋਰਟ ਨੈਗੇਟਿਵ ਦੱਸੀ ਜਾ ਰਹੀ ਹੈ। ਇਹ ਖੁਲਾਸਾ ਇਕ ਮਾਮਲੇ ਦੇ ਦੋ ਜਗ੍ਹਾ ਤੋਂ ਲੈਬ ਵਿੱਚ ਟੈਸਟ ਕਰਵਾਉਣ ’ਤੇ ਹੋਇਆ ਹੈ। ਕਾਊਂਸਲਰ ਦਵਿੰਦਰ ਬਬਲਾ ਨੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ, ਐਡਵਾਈਜ਼ਰ ਮਨੋਜ ਪਰਿਦਾ ਅਤੇ ਡੀਸੀ ਨੂੰ ਚਿੱਠੀ ਲਿਖ ਕੇ ਅਜਿਹੀ ਲੈਬ ਦੇ ਲਾਇਸੈਂਸ ਕੈਂਸਲ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਸਾਰੀਆਂ ਸਰਕਾਰੀ ਡਿਸਪੈਂਸਰੀ ਵਿੱਚ ਟੈਸਟ ਕਰਵਾਉਣ ਦੀ ਮੰਗ ਰਖੀ ਹੈ।
ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਜਿਥੇ ਨਿੱਜੀ ਲੈਬ ਵਿੱਚ ਦੇਖਿਆ ਜਾਂਦਾ ਹੈ ਕਿ ਮਰੀਜ਼ ਕਿਹੜੇ ਪਰਿਵਾਰ ਤੋਂ ਹੈ। ਜੇਕਰ ਚੰਗੇ ਪਰਿਵਾਰ ਤੋਂ ਹੈ ਤਾਂ ਰਿਪੋਰਟ ਪਾਜ਼ੀਟਿਵ ਦੱਸ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਚੈਕਿੰਗ ਲਈ ਬੁਲਾਇਆ ਜਾਂਦਾ ਹੈ ਤੇ ਉਨ੍ਹਾਂ ਤੋਂ ਪੈਸੇ ਵਸੂਲੇ ਜਾਂਦੇ ਹਨ। ਅਜਿਹਾ ਹੀ ਮਾਮਲਾ ਵੀਰਵਾਰ ਨੂੰ ਦੇਖਣ ਵਿੱਚ ਆਇਆ ਜਿਥੇ ਇਕ ਗਰਭਵਤੀ ਔਰਤ ਦਾ ਟੈਸਟ ਇਕ ਪ੍ਰਾਈਵੇਟ ਲੈਬ ਤੋਂ ਕਰਵਾਇਆ ਗਿਆ। ਔਰਤ ਦੀ ਇਕ ਦਿਨ ਬਾਅਦ ਡਿਲਵਰੀ ਡੇਟ ਡਿਊ ਸੀ ਉਸ ਦੀ ਰਿਪੋਰਟ ਪਾਜ਼ੀਟਿਵ ਦੱਸ ਕੇ ਔਰਤ ਦੇ ਪਰਿਵਾਰ ਦੇ 15 ਮੈਂਬਰਾਂ ਦੇ ਟੈਸਟ ਕੀਤੇ ਗਏ ਜੋਕਿ ਸਾਰੇ ਨੈਗੇਟਿਵ ਨਿਕਲੇ। ਪੂਰਾ ਪਰਿਵਾਰ ਹੈਰਾਨ ਹੋ ਗਿਆ। ਪਰਿਵਾਰ ਨੇ ਉਸ ਗਰਭਵਤੀ ਔਰਤ ਦਾ ਟੈਸਟ ਅਗਲੇ ਹੀ ਦਿਨ ਕਿਸੇ ਦੂਸਰੀ ਜਗ੍ਹਾ ਤੋਂ ਕਰਵਾਇਆ ਤਾਂ ਉਥੇ ਉਸ ਦੀ ਰਿਪੋਰਟ ਨੈਗੇਟਿਵ ਆਈ। ਹੁਣ ਕਿਹੜੀ ਰਿਪੋਰਟ ਸਹੀ ਮੰਨੀ ਜਾਵੇ।
ਹੁਣ ਬੱਚੇ ਦੀ ਡਿਲਵਰੀ ਜਿਸ ਹਸਪਤਾਲ ਵਿੱਚ ਹੋਈ ਹੈ, ਉਥੇ ਹੀ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ। ਉਥੇ ਵੀ ਉਸ ਦੀ ਰਿਪੋਰਟ ਵਿੱਚ ਕੋਰੋਨਾ ਨੈਗੇਟਿਵ ਹੀ ਨਿਕਲਿਆ। ਬਬਲਾ ਨੇ ਪ੍ਰਸ਼ਾਸਕ ਨੂੰ ਮੰਗ ਕੀਤੀ ਹੈ ਕਿ ਅਜਿਹੀ ਲੈਬ ਦਾ ਲਾਇਸੈਂਸ ਰੱਦ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਤਾਂਜੋ ਇਹ ਜਿਹੜੀ ਲੁੱਟ ਮਚਾਈ ਹੈ ਉਹ ਬੰਦ ਹੋਵੇ। ਉਨ੍ਹਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸ਼ਹਿਰ ਦੀਆਂ ਸਾਰੀਆਂ ਡਿਸਪੈਂਸਰੀਆਂ ਵਿੱਚ ਕੋਰੋਨਾ ਟੈਸਟ ਕਰਨ ਦੀ ਵਿਵਸਥਾ ਕੀਤੀ ਜਾਵੇ, ਜਿਸ ਨਾਲ ਸ਼ਹਿਰਵਾਸੀਆਂ ਨੂੰ ਰਾਹਤ ਮਿਲੇ।