The best school would be constructed : ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਬਾਦਲ ਨੇ ਬਠਿੰਡਾ ਵਿਖੇ ਸਿੱਖਿਆ ਸੰਸਥਾਵਾਂ ਨਾਲ ਸਬੰਧਤ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਬੁਲਾਈ ਬੈਠਕ ਵਿਚ ਜਾਣਕਾਰੀ ਦਿੱਤੀ ਕਿ ਬਠਿੰਡਾ ਦੇ ਮਾਲ ਰੋਡ ’ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਦੀ ਨਵੀਂ ਇਮਾਰਤ ਬਣਾਈ ਜਾਵੇਗੀ, ਜੋਕਿ ਵਿਸ਼ਵਪੱਧਰੀ ਸਿੱਖਿਆ ਸਹੂਲਤਾਂ ਨਾਲ ਸੁਸੱਜਿਤ ਹੋਵੇਗੀ। ਵਿੱਤ ਮੰਤਰੀ ਨੇ ਦੱਸਿਆ ਕਿ ਇਸ ਸਕੂਲ ਵਿਚ ਇਸ ਸਮੇਂ 2200 ਤੋਂ ਵੱਧ ਲੜਕੀਆਂ ਸਿੱਖਿਆ ਲੈ ਰਹੀਆਂ ਹਨ ਪਰ ਇਥੇ ਜਿਹੜੀ ਨਵੀਂ ਇਮਾਰਤ ਬਣਾਈ ਜਾਵੇਗੀ ਉਹ ਭਵਿੱਖੀ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ 5000 ਵਿਦਿਆਰਥਨਾਂ ਦੀ ਲੋੜ ਮੁਤਾਬਕ ਹੋਵੇਗੀ ਅਤੇ ਇਹ ਸਕੂਲ ਨਾ ਸਿਰਫ ਬਠਿੰਡਾ ਜ਼ਿਲੇ, ਸਗੋਂ ਪੂਰੇ ਪੰਜਾਬ ਦਾ ਸਰਵਸ੍ਰੇਸ਼ਠ ਸਕੂਲ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ’ਤੇ 10 ਕਰੋੜ ਰੁਪਏ ਦੀ ਲਾਗਤ ਆਏਗੀ।
ਸ: ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਇਸ ਸਕੂਲ ਵਿਚ ਪ੍ਰਬੰਧਕੀ ਬਲਾਕ, 150 ਕਲਾਸਰੂਮ, ਵੱਖ ਵੱਖ ਵਿਸ਼ਿਆਂ ਦੀਆਂ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ, ਕੰਟੀਨ ਵੀ ਬਣੇਗੀ। ਇਸ ਤੋਂ ਬਿਨਾਂ ਇੱਥੇ ਇਕ ਉਚੱ ਪੱਧਰੀ ਸਹੁਲਤਾਂ ਵਾਲਾ ਆਡੀਟੋਰੀਅਮ ਵੀ ਬਣਾਇਆ ਜਾਵੇਗਾ। ਇਸ ਦੇ ਸਾਹਮਣੇ ਇਕ ਬਹੁਮੰਜਿਲਾ ਪਾਰਕਿੰਗ ਵੀ ਬਣੇਗੀ। ਇਸ ਦੌਰਾਨ ਉਨ੍ਹਾਂ ਨਾਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਵੀ ਹਾਜਰ ਸਨ। ਇਸ ਮੌਕੇ ਵਿੱਤ ਮੰਤਰੀ ਨੇ ਹਦਾਇਤ ਕੀਤੀ ਕਿ ਇਸ ਸਕੂਲ ਦੇ ਵਿਦਿਆਰਥੀਆਂ ਲਈ ਨਵਾਂ ਫਰਨੀਚਰ ਉਪਲਬੱਧ ਕਰਵਾਇਆ ਜਾਵੇਗਾ।
ਉਨ੍ਹਾਂ ਨੇ ਜ਼ਿਲਾ ਸਿੱਖਿਆ ਅਫ਼ਸਰ ਨੂੰ ਸਕੂਲਾਂ ਦੀਆਂ ਹੋਰ ਬੁਨਿਆਦੀ ਜਰੂਰਤਾਂ ਸਬੰਧੀ ਵੀ ਰਿਪੋਰਟ ਤਿਆਰ ਕਰਨ ਨੂੰ ਕਿਹਾ ਤਾਂ ਜੋ ਸਿੱਖਿਆ ਖੇਤਰ ਦੀਆਂ ਸਾਰੀਆਂ ਜਰੂਰਤਾਂ ਨੂੰ ਪਹਿਲ ਤੇ ਅਧਾਰ ਤੇ ਪੂਰਾ ਕੀਤਾ ਜਾ ਸਕੇ। ਇਸ ਮੌਕੇ ਵਿੱਤ ਮੰਤਰੀ ਨੇ ਦੱਸਿਆ ਕਿ ਸ਼ਹਿਰ ਦੇ 10 ਸਕੂਲਾਂ ਨੂੰ 17.12 ਕਰੋੜ ਰੁਪਏ ਨਾਂਲ ਪਹਿਲਾਂ ਹੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਿੱਖਿਆ ਵਿਭਾਗ ਨੂੰ ਪਰਸਰਾਮ ਨਗਰ, ਘਨਈਆਂ ਨਗਰ, ਚੰਦਸਰ ਬਸਤੀ ਆਦਿ ਸਕੂਲਾਂ ਵਿਚ ਬੁਨਿਆਦੀ ਸਹੁਲਤਾਂ ਦੀ ਘਾਟ ਨੂੰ ਦੂਰ ਕਰਨ ਲਈ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਸ ਮੌਕੇ ਸ਼ਹਿਰ ਦੇ ਸਕੂਲਾਂ ਵਿਚ ਬਰਸਾਤੀ ਸੀਜਨ ਦੌਰਾਨ ਲੈਂਡਸਕੇਪਿੰਗ ਕਰਦੇ ਹੋਏ ਨਵੇਂ ਬੂਟੇ ਲਗਾਉਣ ਲਈ ਵੀ ਵਿਭਾਗ ਨੂੰ ਹਦਾਇਤ ਕੀਤੀ।