The Captain directed : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਮਹਾਰਾਜਾ ਭੁਪਿੰਦਰਾ ਸਿੰਘ ਪੰਜਾਬ ਖੇਡ ਯੂਨੀਵਰਸਿਟੀ, ਪਟਿਆਲਾ ਕੈਂਪਸ ਦੀ ਪਹਿਲੇ ਪੜਾਅ ਦੀ ਉਸਾਰੀ ਲਈ ਮਨਜ਼ੂਰ ਕੀਤੀ 60 ਕਰੋੜ ਰੁਪਏ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਵਿੱਤ ਵਿਭਾਗ ਨੂੰ ਇਸ ਸੰਸਥਾ ਲਈ ਇਸ ਸਾਲ ਦੇ ਬਜਟ ਵਿੱਚ ਐਲਾਨੀ ਰਕਮ ਵਧਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਲਈ ਅਲਾਟ ਕੀਤੇ 15 ਕਰੋੜ ਰੁਪਏ ਬਹੁਤ ਘੱਟ ਹਨ। ਸੂਬੇ ਦੀ ਪਹਿਲੀ ਖੇਡ ਯੂਨੀਵਰਸਿਟੀ ਦੀ ਪ੍ਰਗਤੀ ਦੀ ਵਰਚੁਅਲ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਵੀ ਆਖਿਆ ਕਿ ਕੈਂਪਸ ਦੀ ਉਸਾਰੀ ਲਈ ਇਕ ਚੀਫ ਇੰਜਨੀਅਰ ਦੀ ਡਿਊਟੀ ਲਗਾਉਂਦਿਆਂ ਉਸ ਨੂੰ ਕਿਸੇ ਚੰਗੇ ਬਾਹਰੀ ਕੰਸਲਟੈਂਟ ਨਾਲ ਵਿਚਾਰ ਵਟਾਂਦਰਾ ਕਰਕੇ ਪ੍ਰਾਜੈਕਟ ਨੂੰ ਤੇਜ਼ੀ ਨਾਲ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਵੀ ਯੂਨੀਵਰਸਿਟੀ ਦੇ ਕੰਮ ‘ਚ ਤੇਜ਼ੀ ਲਿਆਉ ਲਈ ਲੋਕ ਨਿਰਮਾਣ ਵਿਭਾਗ ਨਾਲ ਤਾਲਮੇਲ ਵਾਸਤੇ ਤਿੰਨ ਮੈਂਬਰੀ ਕਮੇਟੀ ਬਣਾਉਣ ਲਈ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗ ਨੂੰ ਕੈਂਪਸ ਦੇ ਕੰਮ ਨੂੰ ਤੇਜ਼ ਕਰਨ ਲਈ ਕਿਹਾ।
ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜੇ.ਐਸ.ਚੀਮਾ ਨੇ ਮੀਟਿੰਗ ਵਿੱਚ ਦੱਸਿਆ ਕਿ ਪਟਿਆਲਾ-ਭਾਦਸੋਂ ਰੋਡ ‘ਤੇ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਮੌਜੂਦਾ ਸਮੇਂ ਪੂਰੇ ਜੰਗੀ ਪੱਧਰ ਉਤੇ ਚੱਲ ਰਿਹਾ ਹੈ। ਕੈਂਪਸ 100 ਏਕੜ ਦੇ ਕਰੀਬ ਰਕਬੇ ਵਿੱਚ ਫੈਲਿਆ ਹੋਇਆ। ਮੀਟਿੰਗ ਵਿੱਚ ਦੱਸਿਆ ਗਿਆ ਕਿ ਮੌਜੂਦਾ ਸਮੇਂ 2019-20 ਸੈਸ਼ਨ ਲਈ ਦਾਖਲੇ ਕੀਤੇ ਜਾ ਚੁੱਕੇ ਹਨ ਅਤੇ 130 ਵਿਦਿਆਰਥੀਆਂ ਨੇ ਦਾਖਲਾ ਲਿਆ। ਇਸ ਸਾਲ ਦੇ ਬਜਟ ਵਿੱਚ 76 ਪੋਸਟਾਂ ਮਨਜ਼ੂਰ ਕੀਤੀਆਂ ਗਈਆਂ ਹਨ।
ਹਾਲ ਦੀ ਘੜੀ ਯੂਨੀਵਰਸਿਟੀ ਦੇ ਤਿੰਨ ਕਾਂਸਟੀਚਿਊਟ ਕਾਲਜ ਹਨ ਜਿਹੜੇ ਕਿ ਪ੍ਰੋ.ਗੁਰਸੇਵਕ ਸਿੰਘ ਸਰਕਾਰੀ ਕਾਲਫ ਆਫ ਫਿਜੀਕਲ ਐਜੂਕੇਸ਼ਨ, ਪਟਿਆਲਾ, ਸਰਕਾਰੀ ਆਰਟ ਐਂਡ ਸਪੋਰਟਸ ਕਾਲਜ, ਜਲੰਧਰ ਅਤੇ ਸਰਕਾਰੀ ਕਾਲਜ ਕਾਲਾ ਅਫਗਾਨਾ (ਗੁਰਦਾਸਪੁਰ) ਹਨ। ਅਗਲੇ ਦੋ ਸਾਲਾਂ ਲਈ ਬੀ.ਪੀ.ਈ.ਐਸ., ਬੀ.ਏ., ਪੀ.ਜੀ.ਡੀ.ਯੋਗਾ, ਬੀ.ਐਸ. (ਸਪੋਰਟਸ ਟੈਕਨਾਲੋਜੀ) ਤੇ ਪੀ.ਜੀ.ਡੀ.ਕੋਚਿੰਗ ਲਈ ਕੋਰਸ ਯੋਜਨਾਬੱਧ ਕੀਤੇ ਗਏ ਹਨ। ਮੁੱਖ ਮੰਤਰੀ ਨੇ ਆਪਣੀ ਮਹੱਤਵਪੂਰਨ ਯੋਜਨਾ ਵਜੋਂ ਖੇਡ ਸਾਇੰਸ, ਖੇਡ ਤਕਨਾਲੋਜੀ, ਖੇਡ ਪ੍ਰਬੰਧਨ ਅਤੇ ਖੇਡ ਕੋਚਿੰਗ ਦੇ ਖੇਤਰ ਵਿੱਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਇਸ ਵੱਕਾਰੀ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ 25 ਅਕਤੂਬਰ, 2020 ਨੂੰ ਰੱਖਿਆ ਸੀ। ਇਥੇ ਸਰੀਰਕ ਸਿੱਖਿਆ ਤੇ ਖੇਡ ਸਾਇੰਸ ਦੇ ਖੇਤਰ ਵਿੱਚ ਹੋਰਨਾਂ ਸੰਸਥਾਵਾਂ ਨੂੰ ਪੇਸ਼ੇਵਰ ਤੇ ਅਕਾਦਮਿਕ ਅਗਵਾਈ ਦੇਣ ਦੇ ਨਾਲ ਉਚ ਪੱਧਰੀ ਬੁਨਿਆਦੀ ਢਾਂਚੇ ਨਾਲ ਖੇਡਾਂ ਨਾਲ ਸਬੰਧਤ ਸਿੱਖਿਆ, ਸਿਖਲਾਈ ਤੇ ਖੋਜ ਖੇਤਰਾਂ ‘ਤੇ ਧਿਆਨ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਖੇਡ ਮੰਤਰੀ ਤੇ ਲੋਕ ਨਿਰਮਾਣ ਮੰਤਰੀ ਤੋਂ ਇਲਾਵਾ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ.ਸ਼ੇਰਗਿੱਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਵਿਨੀ ਮਹਾਜਨ, ਪ੍ਰਮੁੱਖ ਸਕੱਤਰ ਖੇਡਾਂ ਰਾਜ ਕਮਲ ਚੌਧਰੀ, ਪ੍ਰਮੁੱਖ ਸਕੱਤਰ ਖੇਡਾਂ ਕੇ.ਏ.ਪੀ. ਸਿਨਹਾ ਤੇ ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਕਾਸ ਪ੍ਰਤਾਪ ਸ਼ਾਮਲ ਹੋਏ।