The government is : ਚੰਡੀਗੜ੍ਹ: ਕਿਸਾਨਾਂ ਵੱਲੋਂ ਭਾਜਪਾ ਨੇਤਾਵਾਂ ਦਾ ਪਿਛਲੇ ਕਾਫੀ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਈ ਥਾਵਾਂ ‘ਤੇ ਕਿਸਾਨਾਂ ਤੇ ਭਾਜਪਾ ਨੇਤਾਵਾਂ ਵਿਚਾਲੇ ਝੜਪ ਵੀ ਹੋਈ ਹੈ। ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਜਾ ਚੁੱਕੀਆਂ ਹਨ। ਅੱਜ ਭਾਜਪਾ ਨੇਤਾ ਦਿਨੇਸ਼ ਕੁਮਾਰ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮਿਲੇ ਹਨ ਤੇ ਉਨ੍ਹਾਂ ਨੇ ਲੋਕਲ ਬਾਡੀ ਚੋਣਾਂ ‘ਚ ਪੈਰਾ ਮਿਲਟਰੀ ਫੋਰਸ ਲਗਾਉਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੱਲੋਂ ਵੀ ਇਹ ਮੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਮਾਹੌਲ ‘ਚ ਚੋਣਾਂ ਕਰਵਾਉਣੀਆਂ ਸੁਰੱਖਿਅਤ ਨਹੀਂ ਹਨ।
ਅੱਜ ਚੰਡੀਗੜ੍ਹ ਵਿਖੇ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੋਣਾਂ ਦੇਸ਼ ਵਿੱਚ ਲੋਕਤੰਤਰ ਦਾ ਤਿਓਹਾਰ ਹਨ ਪਰ ਪੰਜਾਬ ਵਿੱਚ ਮਾਹੌਲ ਹੁਣ ਬਿਲਕੁਲ ਖਰਾਬ ਹੈ। ਚੋਣਾਂ ਦੌਰਾਨ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਚੋਣ ਯਾਤਰਾ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਹਨ ਜਿਸਦੇ ਬਾਅਦ ਲੋਕ ਫੈਸਲਾ ਕਰਦੇ ਹਨ ਕਿ ਉਹ ਕਿਸ ਦੇ ਨਾਲ ਹਨ। ਹੁਣ ਜਿਹੜੀਆਂ ਚੋਣਾਂ ਹੋਣ ਲੱਗੀਆਂ ਹਨ, ਇਹ ਇਕ ਸਾਲ ਪਹਿਲਾਂ ਹੋਣੀਆਂ ਸਨ। ਪਰ ਹੁਣ ਜੋ ਮਾਹੌਲ ਬਣ ਗਿਆ ਹੈ ਉਸ ਤੋਂ ਇੰਝ ਲੱਗਦਾ ਹੈ ਕਿ ਇਹ ਚੋਣਾਂ ਨਹੀਂ ਹਨ, ਸਗੋਂ ਕਾਂਗਰਸ ਸਰਕਾਰ ਨੇ ਉਮੀਦਵਾਰ ਅਤੇ ਰਾਜਨੀਤਿਕ ਪਾਰਟੀਆਂ ਨੂੰ ਬੰਧਕ ਬਣਾ ਰੱਖਿਆ ਹੈ। ਸਰਕਾਰ ਚੋਣਾਂ ਕਰਵਾਉਣ ਜਾ ਰਹੀ ਹੈ ਪਰ ਸੁਰੱਖਿਅਤ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਰਾਜ ਚੋਣ ਕਮਿਸ਼ਨ ਨੂੰ ਵੀ ਇਸ ਸਬੰਧੀ ਸੂਚਿਤ ਕਰ ਚੁੱਕੇ ਹਾਂ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋਈ ਹੈ, ਇੰਝ ਲੱਗਦਾ ਹੈ ਕਿ ਜਿਵੇਂ ਕੋਈ ਲੁੱਟ ਹੋ ਰਹੀ ਹੋਵੇ। ਜਨਤਾ ਦਾ ਕਾਂਗਰਸ ‘ਤੇ ਭਰੋਸਾ ਖਤਮ ਹੋ ਗਿਆ ਹੈ।
ਨਾਮਜ਼ਦਗੀਆਂ ਪੱਤਰ ਨੂੰ ਰੱਦ ਕਰਵਾਏ ਜਾਣ ‘ਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਫਿਰੋਜ਼ਪੁਰ ‘ਚ 10 ਥਾਵਾਂ ‘ਤੇ ਤੇ ਜੀਰਾ ਵਿਚ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਫਾਰਮ ਭਰਨ ਦੀ ਆਗਿਆ ਨਹੀਂ ਸੀ, ਹੋਰ ਥਾਵਾਂ ‘ਤੇ ਵੀ ਇਹੀ ਸਥਿਤੀ ਹੈ। ਇਸ ਲਈ ਜਦੋਂ ਮੈਂ ਚੰਡੀਗੜ੍ਹ ਆ ਰਿਹਾ ਸੀ, ਤਾਂ ਕਾਂਗਰਸ ਦੇ ਲੋਕ ਮੇਰੇ ‘ਤੇ ਕਿਸਾਨਾਂ ਦੇ ਕੱਪੜੇ ਪਾ ਕੇ ਹਮਲਾ ਕਰ ਰਹੇ ਸਨ। ਇੰਝ ਲੱਗਦਾ ਹੈ ਕਿ ਉਹ ਤੁਹਾਨੂੰ ਬਦਨਾਮ ਕਰ ਰਹੇ ਹਨ।ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਡੀ.ਜੀ.ਪੀ. ਵੱਲੋਂ ਇਹੋ ਜਿਹੀਆਂ ਘਟਨਾਵਾਂ ‘ਤੇ ਕੋਈ ਨੋਟਿਸ ਕਿਉਂ ਨਹੀਂ ਲਿਆ ਜਾ ਰਿਹਾ। ਸਾਡੇ ਨੇਤਾਵਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੰਗ ਕੀਤੀ ਕਿ ਜਿਸ ਥਾਂ ‘ਤੇ ਵਿਰੋਧੀ ਧਿਰ ਵੱਲੋਂ ਨਾਮਜ਼ਦਗੀ ਪੱਤਰ ਨਹੀਂ ਭਰਿਆ ਗਿਆ ਉਥੇ ਚੋਣਾਂ ਦੁਬਾਰਾ ਹੋਣੀਆਂ ਚਾਹੀਦੀਆਂ ਹਨ। ਦੀਪ ਸਿੱਧੂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਸਾਡਾ ਉਸ ਨਾਲ ਕੋਈ ਸਬੰਧ ਨਹੀਂ ਹੈ।