ਹੁਸ਼ਿਆਰਪੁਰ : ਕਸਬਾ ਚੱਬੇਵਾਲ ਦੇ ਪਿੰਡ ਚਗਰਾਂ ਵਿੱਚ ਉਸ ਵੇਲੇ ਅਜੀਬੋ-ਗਰੀਬ ਸਥਿਤ ਬਣ ਗਈ ਜਦੋਂ ਯੂਪੀ ਤੋਂ ਆਈ ਬਾਰਾਤ ਨੂੰ ਬਿਨਾਂ ਲਾੜੀ ਦੇ ਵਾਪਿਸ ਪਰਤਨਾ ਪਿਆ। ਅਸਲ ਵਿੱਚ ਜੈਮਾਲਾ ਤੋਂ ਬਾਅਦ ਲਾੜਾ ਸੋਨੇ ਦੀ ਮੁੰਦਰੀ ਅਤੇ ਚੇਨ ਦੀ ਮੰਗ ‘ਤੇ ਅੜ ਗਿਆ ਅਤੇ ਕੁੜੀ ਵਾਲਿਆਂ ਨਾਲ ਝਗੜਾ ਹੋ ਗਿਆ। ਬਾਅਦ ਵਿਚ ਕੁੜੀ ਵਾਲਿਆਂ ਨੇ ਰਿਸ਼ਤੇਦਾਰਾਂ ਦੇ ਕਹਿਣ ‘ਤੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ‘ਤੇ ਲਾੜਾ ਮੰਡਪ ਛੱਡ ਗਿਆ।
ਉਥੇ ਹੀ ਕੁੜੀ ਵਾਲਿਆਂ ਦੀ ਸ਼ਿਕਾਇਤ ’ਤੇ ਮਾਮਲਾ ਚੱਬੇਵਾਲਾ ਪੁਲਿਸ ਤੱਕ ਜਾ ਪਹੁੰਚਿਆ। ਇਸ ‘ਤੇ ਪੁਲਿਸ ਨੇ ਲਾੜੇ ਅਤੇ ਉਸ ਦੇ ਭਣਵੱਈਏ ਨੂੰ ਹਿਰਾਸਤ ਵਿੱਚ ਲੈ ਲਿਆ। ਪਰ ਮੰਗਲਵਾਰ ਨੂੰ ਲਾੜੇ ਨੂੰ ਪੁਲਿਸ ਥਾਣੇ ‘ਚ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਛੱਡ ਦਿੱਤਾ ਗਿਆ। ਥਾਣੇ ਵਿਚ ਦੋਵਾਂ ਧਿਰਾਂ ਦੇ ਪੁਲਿਸ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਇਹ ਫੈਸਲਾ ਲਿਆ ਗਿਆ ਕਿ ਉਹ ਕੁੜੀ ਵਾਲਿਆਂ ਨੂੰ ਸ਼ਗਨ ਵਿਚ ਦਿੱਤਾ ਮੋਟਰਸਾਈਕਲ ਅਤੇ ਸਾਮਾਨ ਵਾਪਸ ਦੇਣਗੇ ਅਤੇ 70 ਹਜ਼ਾਰ ਰੁਪਏ ਵੱਖਰੇ ਤੌਰ ‘ਤੇ ਦੇਣੇ ਪੈਣਗੇ।
ਜਾਣਕਾਰੀ ਅਨੁਸਾਰ 21 ਜੂਨ ਨੂੰ ਪਿੰਡ ਚਗਰਾਂ ਵਿਖੇ ਯੂਪੀ ਦੇ ਸੰਬਲ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਇੱਕ ਬਾਰਾਤ ਆਈ ਸੀ। ਕੁੜੀ ਦੇ ਪਿਤਾ ਨੇ ਜਲੂਸ ਦਾ ਭਰਵਾਂ ਸਵਾਗਤ ਕੀਤਾ। ਪਰ ਜੈਮਾਲਾ ਦੀ ਰਸਮ ਤੋਂ ਥੋੜ੍ਹੀ ਦੇਰ ਬਾਅਦ ਮਾਹੌਲ ਅਚਾਨਕ ਬਦਲ ਗਿਆ। ਕੁੜੀ ਦੇ ਪਿਤਾ ਵੱਲੋਂ ਚੱਬੇਵਾਲ ਥਾਣੇ ਵਿੱਚ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਜਦੋਂ ਲਾੜਾ ਫੇਰੇ ਲੈਣ ਲਈ ਮੰਡਪ ਵਿੱਚ ਬੈਠਾ ਤਾਂ ਉਹ ਇਹ ਕਹਿ ਕੇ ਚਲਾ ਗਿਆ ਕਿ ਕੁੜੀ ਵਾਲਿਆਂ ਨੇ ਉਸਨੂੰ ਸੋਨੇ ਦੀ ਮੁੰਦਰੀ ਅਤੇ ਚੇਨ ਨਹੀਂ ਪਾਈ। ਇਸ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ। ਇਸ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾੜੇ ਅਤੇ ਭਣਵੱਈਏ ਨੂੰ ਹਿਰਾਸਤ ਵਿੱਚ ਲੈ ਲਿਆ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਇਨਸਾਨੀਅਤ ਹੋਈ ਸ਼ਰਮਸਾਰ- ਪਿਓ ਨੇ ਡੇਢ ਸਾਲ ਦੀ ਧੀ ਨਾਲ ਕੀਤੀ ਦਰਿੰਦਗੀ
ਦੂਜੇ ਪਾਸੇ ਕੁੜੀ ਦੇ ਪਿਤਾ ਨੇ ਦੱਸਿਆ ਕਿ ਲੜਕੇ ਦਾ ਪਰਿਵਾਰ ਲੁਧਿਆਣਾ ਵਿੱਚ ਰਹਿੰਦਾ ਸੀ। ਲਗਭਗ 2 ਮਹੀਨੇ ਪਹਿਲਾਂ ਧੀ ਦੀ ਕੁੜਮਾਈ ਦੀਆਂ ਪੂਰੀਆਂ ਰਸਮਾਂ ਨਿਭਾਈਆਂ ਗਈਆਂ ਸਨ। ਉਸਨੇ ਦੱਸਿਆ ਕਿ ਉਦੋਂ ਮੁੰਡੇ ਵਾਲਿਆਂ ਨੂੰ ਉਨ੍ਹਾਂ ਵੱਲੋਂ ਮੋਟਰਸਾਈਕਲ, ਐਲਸੀਡ, ਵਾਸ਼ਿੰਗ ਮਸ਼ੀਨ ਆਦਿ ਨਾਲ 11 ਹਜ਼ਾਰ ਰੁਪਏ ਸ਼ਗਨ ਦਿੱਤਾ ਸੀ। ਉਸ ਵੇਲੇ ਵੀ ਮੁੰਡੇ ਨੇ ਸ਼ਗਨ ਦੀ ਪਲੇਟ ਸੁੱਟ ਦਿੱਤੀ ਸੀ ਅਤੇ ਕਿਹਾ ਸੀ ਕਿ ਮੈਨੂੰ ਸ਼ਗਨ ਵਿਚ ਇਕ ਲੱਖ ਰੁਪਏ ਚਾਹੀਦਾ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਨੇ ਸਾਰਾ ਖਰਚਾ ਇਧਰੋਂ-ਉਧਰੋਂ ਫੜ ਕੇ ਕੀਤਾ ਸੀ।
ਥਾਣਾ ਚੱਬੇਵਾਲ ਦੇ ਐਸਐਚਓ ਪ੍ਰਦੀਪ ਨੇ ਦੱਸਿਆ ਕਿ ਮਾਮਲਾ ਸੋਮਵਾਰ ਦਾ ਹੈ। ਦੋਹਾਂ ਪਰਿਵਾਰਾਂ ਵਿੱਚ ਕੁਝ ਝਗੜਾ ਹੋ ਗਿਆ ਸ। ਮੰਗਲਵਾਰ ਨੂੰ ਪੁਲਿਸ ਕੋਈ ਕਾਨੂੰਨੀ ਕਾਰਵਾਈ ਕਰਦੀ ਇਸ ਤੋਂ ਪਹਿਲਾਂ ਹੀ ਦੋਵੇਂ ਧਿਰਾਂ ਦੇ ਪਿੰਡਾਂ ਦੇ ਲੋਕਾਂ ਨੇ ਰਾਜੀਨਾਮਾ ਕਰਵਾ ਦਿੱਤਾ। ਮੁੰਡੇ ਅਤੇ ਕੁੜੀ ਦੇ ਪਰਿਵਾਰ ਨੇ ਜਿਹੜੇ ਪਸੇ ਅਤੇ ਗਹਿਣੇ ਇੱਕ-ਦੂਜੇ ਨੂੰ ਦਿੱਤੇ ਸਨ, ਸਾਰੇ ਸਹਿਮਤੀ ਨਾਲ ਵਾਪਿਸ ਕਰ ਦਿੱਤੇ ਜਾਣਗੇ।