The OPD will be held at the : ਲੁਧਿਆਣਾ ਵਿਖੇ ਸਿਵਲ ਹਸਪਤਾਲ 8 ਜੂਨ ਸੋਮਵਾਰ ਤੋਂ ਓਪੀਡੀ ਸ਼ੁਰੂ ਹੋਣ ਜਾ ਰਹੀ ਹੈ, ਜਿਥੇ ਹੁਣ ਸਾਰੇ ਮੈਡੀਕਲ ਵਿਭਾਗਾਂ ਦੇ ਅਧਿਕਾਰੀ ਸੇਵਾਵਾਂ ਦੇਣਗੇ। ਇਸ ਦੇ ਲਈ ਹਸਪਤਾਲ ਦੇ ਕੋਵਿਡ ਆਈਸੋਲੇਸ਼ਨ ਸੈਂਟਰ ਨੂੰ ਹੁਣ ਨਾਨ-ਕੋਵਿਡ ਹਸਪਤਾਲ ਵਿਚ ਤਬਦੀਲ ਕੀਤਾ ਜਾ ਰਿਹਾ ਹੈ, ਜਿਸ ਨਾਲ ਹੁਣ ਸਿਵਲ ਹਸਪਤਾਲ ਜਾਣ ਵਾਲੇ ਮਰੀਜ਼ਾਂ ਨੂੰ ਭਾਰਤ ਨਗਰ ਚੌਕ ਸਥਿਤ ਈਐਸਆਈ ਹਸਪਤਾਲ ਵਿਚ ਨਹੀਂ ਜਾਣਾ ਪਏਗਾ। ਜ਼ਿਕਰਯੋਗ ਹੈ ਕਿ ਕੋਰੋਨਾ ਪਾਜ਼ੀਟਿਵ ਤੇ ਸ਼ੱਕੀ ਮਰੀਜ਼ਾਂ ਨੂੰ ਹੁਣ ਚੰਡੀਗੜ੍ਹ ਰੋਡ ਸਥਿਤ ਮਦਰ ਐਂਡ ਚਾਈਲਡ ਹਸਪਤਾਲ (ਐਮਸੀਐਚ) ਵਿਚ ਸ਼ਿਫਟ ਕੀਤਾ ਜਾ ਰਿਹਾ ਹੈ। ਹਾਲਾਂਕਿ ਫਲੂ ਕਾਰਨਰ ਉਥੇ ਹੀ ਰਹੇਗਾ।
ਮਿਲੀ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਵਿਚ ਇਸ ਸਮੇਂ 18 ਕੋਰੋਨਾ ਸ਼ੱਕੀ ਮਰੀਜ਼ ਭਰਤੀ ਹਨ। ਇਨ੍ਹਾਂ ਨੂੰ ਸ਼ੁੱਕਰਵਾਰ ਤੱਕ ਮਦਰ ਐਂਡ ਚਾਈਲਡ ਹਸਪਤਾਲ ਵਰਧਮਾਨ ਵਿਚ ਭੇਜ ਦਿੱਤਾ ਜਾਵੇਗਾ। ਇਸ ਤੋਂ ਬਾਅਦ ਪੂਰੇ ਸਿਵਲ ਹਸਪਤਾਲ ਨੂੰ ਪ੍ਰੋਟੋਕਾਲ ਅਧੀਨ ਸੈਨੇਟਾਈਜ਼ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਓਪੀਡੀ ਅਗਲੇ ਹਫਤੇ ਸੋਮਵਾਰ ਤੋਂ ਸ਼ੁਰੂ ਹੋ ਜਾਵੇਗਾ।
ਦੱਸਣਯੋਗ ਹੈ ਕਿ ਸਿਵਲ ਹਸਪਤਾਲ ਦੀ ਓਪੀਡੀ ਅਪ੍ਰੈਲ ਵਿਚ ਈਐਸਆਈ ਵਿਚ ਸ਼ਿਫਟ ਕੀਤੀ ਗਈ ਸੀ। ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੱਧ ਤੋਂ ਵੱਧ ਸੈਂਪਲ ਸਿਹਤ ਵਿਭਾਗ ਵੱਲੋਂ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਪੂਰਾ ਫੋਕਸ ਹੁਣ ਕੋਰੋਨਾ ਵਾਇਰਸ ਦੇ ਏ ਸਿਮਟੋਮੈਟਿਕ ਮਰੀਜ਼ਾਂ ਨੂੰ ਲੱਭਣ ’ਤੇ ਹੋਵੇਗਾ। ਇਸ ਦੇ ਲਈ ਜਿਵੇਂ ਹੀ ਓਪੀਡੀ ਸ਼ੁਰੂ ਹੋਵੇਗੀ ਤਾਂ ਓਪੀਡੀ ਵਿਚ ਆਉਣ ਵਾਲੇ ਮਰੀਜ਼ਾਂ ਦੇ ਸੈਂਪਲ ਵੀ ਲਏ ਜਾਣਗੇ। ਉਨ੍ਹਾਂ ਕਿਹਾ ਕਿ ਸਾਡਾ ਟਾਰਗੈੱਟ ਰੋਜ਼ਾਨਾ ਘੱਟੋ-ਘੱਟ 700 ਤੋਂ ਵੱਧ ਸੈਂਪਲ ਲੈਣਾ ਹੋਵੇਗਾ। ਕੋਵਿਡ ਸੈਂਪਲ ਦੀ ਜਾਂਚ ਲਈ ਟਰੂਨੇਟ ਮਸੀਨ ਕੋਰੋਨਾ ਵਾਇਰਸ ਦੀ ਟੈਸਟਿੰਗ ਨੂੰ ਲੈ ਕੇ ਸਿਵਲ ਹਸਪਤਾਲ ਵਿਚ ਸਥਿਤ 18 ਨੰਬਰ ਲੈਬ ਵਿਚ ਲਗਾ ਦਿੱਤੀ ਗਈ ਹੈ।