The teen lost Rs 16 lakh : ਖਰੜ : ਅੱਜਕਲ ਵਿੱਦਿਅਕ ਅਦਾਰੇ ਬੰਦ ਹੋਣ ਕਾਰਨ ਬੱਚੇ ਜ਼ਿਆਦਾਤਰ ਸਮਾਂ ਮੋਬਾਈਲਾਂ ’ਤੇ ਹੀ ਬਿਤਾ ਰਹੇ ਹਨ, ਜਿਸ ਵਿਚ ਉਹ ਜਾਂ ਤਾਂ ਇੰਟਰਨੈੱਟ ਜਾਂ ਫਿਰ ਆਨਲਾਈਨ ਗੇਮਾਂ ਖੇਡ ਕੇ ਆਪਣਾ ਟਾਈਮ ਪਾਸ ਕਰ ਰਹੇ ਹਨ। ਪਰ ਖਰੜ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਇਕ 17 ਸਾਲਾ ਲੜਕੇ ਨੇ ਟਾਈਮ ਪਾਸ ਲਈ ਖੇਡੀ ਜਾਣ ਵਾਲੀ ਆਨਲਾਈਨ ਗੇਮ PUBG ਵਿਚ ਆਪਣੇ ਪਰਿਵਾਰ ਦੇ 16 ਲੱਖ ਰੁਪਏ ਹੀ ਗੁਆ ਦਿੱਤੇ। ਦੱਸਣਯੋਗ ਹੈ ਕਿ ਉਸ ਨੇ ਕਥਿਤ ਤੌਰ ’ਤੇ ਗੇਮ ‘ਚ ਇੱਕ ਮਹੀਨੇ ‘ਚ ਮਾਸਟਰ ਬਣਨ ਲਈ ਗੇਮ ਅੰਦਰ ਵਰਚੂਅਲ ਬਾਰੂਦ, ਪਾਸ ਤੇ ਆਰਟੀਲਰੀ ਖਰੀਦੀ।
ਉਸ ਦੀ ਇਸ ਹਰਕਤ ਤੋਂ ਪ੍ਰੇਸ਼ਾਨ ਉਸ ਦੇ ਪਿਤਾ ਨੇ ਉਸ ਨੂੰ ਸਬਕ ਸਿਖਾਉਣ ਲਈ ਕਿ ਪੈਸਾ ਕਮਾਉਣਾ ਕਿੰਨਾ ਮੁਸ਼ਕਲ ਹੁੰਦਾ ਹੈ, ਉਸ ਨੂੰ ਇੱਕ ਸਕੂਟਰ ਰਿਪੇਅਰ ਦੀ ਦੁਕਾਨ ’ਤੇ ਕੰਮ ਕਰਨ ਲਗਾ ਦਿੱਤਾ ਹੈ ਅਤੇ ਨਾਲ ਹੀ ਉਸ ਕੋਲੋਂ ਉਸ ਦਾ ਮੋਬਾਈਲ ਫੋਨ ਵੀ ਲੈ ਲਿਆ ਗਿਆ ਹੈ। ਉਸ ਦੇ ਪਰਿਵਾਰ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੇ ਬੈਂਕ ਸਟੇਟਮੈਂਟਸ ਵੇਖੀਆਂ। ਲੜਕੇ ਨੇ ਆਪਣੀ ਮਾਤਾ ਦੇ ਪੀਐਫ ਖਾਤੇ ਵਿਚੋਂ ਵੀ 2 ਲੱਖ ਰੁਪਏ ਤੇ ਆਪਣੇ ਬੈਂਕ ਅਕਾਊਂਟ ‘ਚੋਂ ਵੀ ਪੈਸੇ ਖਰਚ ਕਰ ਦਿੱਤੇ ਹਨ।
ਦੱਸਣਯੋਗ ਹੈ ਕਿ ਇਸ ਲੜਕੇ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਸੀ ਕਿ ਉਹ ਆਨਲਾਈਨ ਪੜ੍ਹਾਈ ਲਈ ਮੋਬਾਈਲ ਇਸਤੇਮਾਲ ਕਰ ਰਿਹਾ ਹੈ। ਨਾਬਾਲਗ ਲੜਕੇ ਨੇ ਕਥਿਤ ਤੌਰ ’ਤੇ ਤਿੰਨ ਬੈਂਕ ਅਕਾਊਂਟਸ ਦੀ ਵਰਤੋਂ ਕਰ ਗੇਮ ‘ਚ ਖਰੀਦਦਾਰੀ ਕੀਤੀ ਤੇ ਆਪਣੇ ਟੀਮ ਮੈਂਬਰਾਂ ਨੂੰ ਵੀ ਕਰਵਾਈ, ਜਿਸ ਨਾਲ ਉਸ ਨੇ ਆਪਣੇ ਪਿਤਾ ਵੱਲੋਂ ਉਸ ਦੇ ਭਵਿੱਖ ਲਈ ਜੋੜੀ ਕਮਾਈ ਇਸ ਗੇਮ ਵਿਚ ਗੁਆ ਦਿੱਤੀ।