The Vigilance Bureau nabbed ASI : ਵਿਜੀਲੈਂਸ ਬਿਊਰੋ ਫਾਜ਼ਿਲਕਾ ਵੱਲੋਂ ਗੁਰੂ ਹਰਸਹਾਏ ਵਿਖੇ ਐਕਸਾਈਜ਼ ਵਿਭਾਗ ਦੇ ਇਕ ASI ਨੂੰ 5500 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਹ ਕਾਰਵਾਈ ਸ਼੍ਰੀ ਰਾਜ ਕੁਮਾਰ ਸਾਮਾ ਦੀ ਟੀਮ ਵੱਲੋਂ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਗੁਰਮੇਜ ਸਿੰਘ ਪੁੱਤਰ ਵੀਰ ਸਿੰਘ ਵਾਸੀ ਸਵਾਇਆ ਰਾਏ ਉਤਾੜ ਦੀ ਸ਼ਿਕਾਇਤ ’ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।
ਦੱਸਣਯੋਗ ਹੈ ਕਿ ਵਿਜੀਲੈਂਸ ਟੀਮ ਫਾਜ਼ਿਲਕਾ ਵੱਲੋਂ ਅੱਜ ਗੁਰੂਹਰਸਹਾਏ ਵਿਖੇ ਐਕਸਾਈਜ਼ ਵਿਭਾਗ ਫ਼ਿਰੋਜ਼ਪੁਰ ਦੇ ASI ਗੁਰਨਾਮ ਸਿੰਘ ਨੂੰ 5500 ਰੁਪਏ ਰਿਸ਼ਵਤ ਲੈਂਦੇ ਮੌਕੇ ਤੋਂ ਕਾਬੂ ਕਰ ਲਿਆ। ਇਸ ਬਾਰੇ ਵਿਜੀਲੈਂਸ ਵਿਭਾਗ ਵਿਚ ਸ਼ਿਕਾਇਤ ਦਰਜ ਕਵਾਈ ਗਈ ਸੀ ਕਿ ਛੋਟੇ ਥਾਣੇਦਾਰ ਵੱਲੋਂ ਪਿੰਡ ਸਵਾਇਆ ਰਾਏ ਵਿਖੇ ਮੁਦਈ ਦੇ ਘਰ ਕੀਤੀ ਗਈ ਛਾਪੇਮਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਕੋਲੋਂ ਖ਼ਾਲੀ ਕਾਗ਼ਜ਼ਾਂ ਉੱਪਰ ਦਸਤਖ਼ਤ ਕਰਵਾਏ ਗਏ ਸਨ ।ਮੁਦੱਈ ਨੂੰ ਡਰਾਇਆ ਗਿਆ ਸੀ ਕਿ ਉਸ ਖਿਲਾਫ ਸ਼ਰਾਬ ਵੇਚਣ ਦਾ ਮੁਕੱਦਮਾ ਦਰਜ ਕੀਤਾ ਜਾ ਸਕਦਾ ਹੈ, ਜਿਸ ’ਤੇ ਉਸ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਗਈ ਸੀ।
ਇਸ ’ਤੇ 7500 ਰੁਪਏ ਵਿਚ ਸੌਦਾ ਤੈਅ ਹੋਣ ’ਤੇ ਦੋ ਹਜ਼ਾਰ ਰੁਪਏ ਮੌਕੇ ’ਤੇ ਹੀ ਵਸੂਲੇ ਗਏ ਸੀ ਜਦਕਿ ਰਿਸ਼ਵਤ ਦੇ 5500 ਰੁਪਏ ਲੈਣੇ ਅਜੇ ਬਾਕੀ ਸਨ, ਜਿਸ ਨੂੰ ਲੈਂਦੇ ਹੋਏ ਵਿਜੀਲੈਂਸ ਵੱਲੋਂ ਅੱਜ ASI ਮੌਕੇ ਤੋਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਥਾਣਾ ਵਿਜੀਲੈਸ ਬਿਊਰੋ ਰੇਂਜ ਫ਼ਿਰੋਜ਼ਪੁਰ ਵਿਚ ਮੁਕੱਦਮਾ ਨੰ 11 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਟੀਮ ਵੱਲੋਂ ਇਸ ਕਥਿਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ।