The young son of a fellow employee : ਫ਼ਰੀਦਕੋਟ ਵਿਖੇ ਇਕ ASI ਵੱਲੋਂ ਆਪਣੇ ਸਾਥੀ ਦੇ ਨੌਜਵਾਨ ਪੁੱਤਰ ਨਾਲ ਕਿਸੇ ਗੱਲ ’ਤੇ ਮਾਮੂਲੀ ਤਕਰਾਰ ਹੋਣ ਤੋਂ ਬਾਅਦ ਨੁਕੀਲੀ ਚੀਜ਼ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਅੱਜ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ। ਇਸ ਸਬੰਧੀ ASI ’ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪੁਲਿਸ ਮੁਲਾਜ਼ਮ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਬਾਰੇ ਦੱਸਦਿਆਂ ਮ੍ਰਿਤਕ ਨੌਜਵਾਨ ਪਿਤਾ ਲਖਵੀਰ ਸਿੰਘ ਨੇ ਦੱਸਿਆ ਉਹ ਪੁਲਿਸ ਲਾਈਨ ਵਿੱਚ ਰਹਿੰਦੇ ਹਨ ਅਤੇ ਕੁੱਝ ਦਿਨ ਪਹਿਲਾਂ ਉਸ ਦਾ 20 ਸਾਲਾ ਪੁੱਤਰ ਅਰਸ਼ਦੀਪ ਜਦੋਂ ਬਾਹਰੋਂ ਸਕੂਟਰੀ ’ਤੇ ਆ ਰਿਹਾ ਸੀ ਤਾਂ ASI ਗੁਰਮੇਲ ਸਿੰਘ ਨੇ ਉਸ ਦੀ ਸਕੂਟਰੀ ਰੋਕ ਕੇ ਉਸ ਨੂੰ ਮਾਰਨ ਲੱਗਾ ਅਤੇ ਕਿਸੇ ਤਿੱਖੀ ਚੀਜ਼ ਨਾਲ ਉਸ ਦੀ ਛਾਤੀ ’ਤੇ ਵਾਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਤਿੰਨ ਦਿਨ ਤੱਕ ਉਸਨੇ ਦਬਾਅ ਬਣਾ ਕੇ ਐੱਮ ਐਲ ਆਰ ਨਹੀਂ ਬਨਣ ਦਿੱਤੀ। ਐਮ ਐਲ ਆਰ ਬਨਣ ਤੋਂ ਅਗਲੇ ਦਿਨ ਜਬਰਦਸਤੀ ਹਸਪਤਾਲ ਤੋਂ ਛੁਟੀ ਦੇ ਦਿੱਤੀ ਗਈ। ਪਰ ਘਰ ਵਿੱਚ ਆਉਣ ਦੇ ਬਾਅਦ ਅਗਲੇ ਦਿਨ ਫਿਰ ਹਾਲਤ ਖ਼ਰਾਬ ਹੋ ਗਈ, ਉਸ ਤੋਂ ਬਾਅਦ ਉਸਨੂੰ ਦੁਬਾਰਾ ਫਿਰੋਜ਼ਪੁਰ ਦੇ ਮਿਸ਼ਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਉਸ ਦੀ ਅੱਜ ਮੌਤ ਹੋ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਇੰਸਪੈਕਰਟ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਅਰਸ਼ਦੀਪ ਸਿੰਘ ਦੇ ਬਿਆਨਾਂ ’ਤੇ ASI ਗੁਰਮੇਲ ਸਿੰਘ ਵਾਸੀ ਪੁਲਿਸ ਲਾਈਨ ਫਰੀਦਕੋਟ ਖਿਲਾਫ ਧਾਰਾ 341, 379 ਅਤੇ 323 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ ਹੁਣ ਨੌਜਵਾਨ ਦੀ ਮੌਤ ਦੇ ਬਾਅਦ ਮਾਮਲੇ ਵਿੱਚ IPC ਦੀ ਧਾਰਾ 302 ਦਾ ਇਜ਼ਾਫ਼ਾ ਕਰ ਦਿੱਤਾ ਗਿਆ ਹੈ। ਵਿਭਾਗੀ ਕਾਰਵਾਈ ਮੁਤਾਬਕ ਦੋਸ਼ੀ ASI ਗੁਰਮੇਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਫਰਾਰ ASI ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।