ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਮਨਕੀਰਤ ਸਿੰਘ ਨਾਮ ਦਾ ਇੱਕ ਗੁਰਸਿੱਖ ਗੁਰੂ ਦੀ ਸੇਵਾ ਨਾਲ ਆਪਣਾ ਨਾਮ ਸਾਰਥਕ ਬਣਾ ਰਿਹਾ ਹੈ। ਦਰਅਸਲ ਮਨਕੀਰਤ ਦਾ ਅਰਥ ਹੀ ਹੈ ਮਨ ਲਗਾ ਕੇ ਕੰਮ ਕਰਨ ਵਾਲਾ। ਮਨਕੀਰਤ ਅੱਜਕਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਵਿਲੱਖਣ ਸਰੂਪ ਨੂੰ ਸੋਨੇ ਦੀ ਮਿਸ਼ਰਤ ਸਿਆਹੀ ਨਾਲ ਤਿਆਰ ਕਰਨ ਵਿਚ ਲੱਗਾ ਹੋਇਆ ਹੈ। ਹਾਲਾਂਕਿ ਉਹ ਕੋਰੋਨਾ ਕਾਲ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ, ਪਰ ਇਸ ਦੇ ਬਾਵਜੂਦ ਉਹ ਲਗਨ ਨਾਲ ਇਸ ਪਵਿੱਤਰ ਕਾਰਜ ਨੂੰ ਪੂਰਾ ਕਰਨ ਵਿਚ ਰੁੱਝਿਆ ਹੋਇਆ ਹੈ।
ਜ਼ਿਲ੍ਹਾ ਕਸਬਾ ਭਗਤਾ ਭਾਈਕਾ ਦੇ ਰਹਿਣ ਵਾਲੇ ਮਨਕੀਰਤ ਨੇ ਸੰਗੀਤ ਵਿਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਮਨਕੀਰਤ ਨੇ ਦੱਸਿਆ ਕਿ ਇੱਕ ਪ੍ਰਾਈਵੇਟ ਸਕੂਲ ਵਿੱਚ ਕੰਮ ਕਰਦਿਆਂ ਉਸਨੇ ਸਾਲ 2018 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਵਿਲੱਖਣ ਸਰੂਪ ਨੂੰ ਸੋਨੇ ਦੀ ਮਿਸ਼ਰਤ ਸਿਆਹੀ ਨਾਲ ਬਣਾਉਣ ਲਈ ਯਤਨ ਸ਼ੁਰੂ ਕੀਤੇ ਸਨ। ਉਸਤਾਦ ਕੁਲਵਿੰਦਰ ਸਿੰਘ ਸਣੇ ਬਹੁਤ ਸਾਰੇ ਲੋਕਾਂ ਨੇ ਉਸਨੂੰ ਇਸ ਕਾਰਜ ਲਈ ਪ੍ਰੇਰਿਤ ਕੀਤਾ। ਇਹ ਕਾਰਜ ਗੁਰੂ ਸਾਹਿਬ ਦੇ ਚਰਨਾਂ ਵਿਚ ਬੈਠਣ ਵਰਗਾ ਅਹਿਸਾਸ ਦਿੰਦਾ ਹੈ। ਉਹ ਆਪਣੀ ਤਨਖਾਹ ਇਸ ‘ਤੇ ਲੱਗਾ ਰਿਹਾ ਸੀ, ਪਰ ਕੋਰੋਨਾ ਮਹਾਮਾਰੀ ਕਾਰਨ ਉਸ ਨੂੰ ਤਨਖਾਹ ਮਿਲਣੀ ਬੰਦ ਹੋ ਗਈ ਅਤੇ ਨੌਕਰੀ ਛੱਡ ਦਿੱਤੀ। ਇਸ ਦੌਰਾਨ ਕੁਝ ਲੋਕਾਂ ਦਾ ਸਹਿਯੋਗ ਵੀ ਮਿਲਦਾ ਰਿਹਾ, ਪਰ ਇਹ ਸਹਾਇਤਾ ਕੋਰੋਨਾ ਕਾਲ ਦੌਰਾਨ ਬੰਦ ਹੋ ਗਈ। ਅੱਜਕਲ੍ਹ ਉਹ ਆੜ੍ਹਤ ਦਾ ਕੰਮ ਕਰ ਰਿਹਾ ਹੈ ਅਤੇ ਆਪਣੀ ਕਮਾਈ ਦਾ ਵੱਡਾ ਹਿੱਸਾ ਇਸ ਕੰਮ ਵਿਚ ਲਗਾ ਰਿਹਾ ਹੈ।
ਸੋਨੇ ਦੀ ਸਿਆਹੀ ਕਿਵੇਂ ਤਿਆਰ ਕੀਤੀ ਜਾਂਦੀ ਹੈ?
ਮਨਕੀਰਤ ਨੇ ਦੱਸਿਆ ਕਿ ਇਸਦੇ ਲਈ ਇੱਕ ਵਿਸ਼ੇਸ਼ ਕਿਸਮ ਦੀ ਕਲਮ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸਦੀ ਲੱਕੜ ਵਿਜੇਸਾਰ ਨਾਂ ਦੇ ਮੈਡੀਸਿਨਲ ਪੌਦੇ ਤੋਂ ਮਿਲਦੀ ਹੈ। ਲਿਖਤ ਵਿਚ ਇਕ ਵਿਸ਼ੇਸ਼ ਕਿਸਮ ਦੀ ਸਿਆਹੀ ਵਰਤੀ ਜਾਂਦੀ ਹੈ, ਜਿਸ ਵਿਚ ਸੋਨਾ ਅਤੇ ਲਾਜਵਰਦ (ਕੀਮਤੀ ਨੀਲਾ ਪੱਥਰ) ਬਰਾਬਰ ਮਾਤਰਾ ਵਿਚ ਮਿਲਾਏ ਜਾਂਦੇ ਹਨ। ਇਸ ਤੋਂ ਬਾਅਦ ਇਕ ਤਾਂਬੇ ਦੇ ਬਰਤਨ ਵਿਚ ਪਾ ਕੇ ਨਿੰਮ ਦ ਲੱਕੜ ਨਾਲ ਸਿਆਹੀ ਤਿਆਰ ਕੀਤੀ ਜਾਂਦੀ ਹੈ। ਇਸ ਦੀ ਭ੍ਰਿੰਗਰਾਜ ਸਮੇਤ ਹੋਰ ਚੀਜ਼ਾਂ ਪਾ ਕੇ ਤਕਰੀਬਨ 20 ਦਿਨਾਂ ਤੱਕ ਰਗੜਾਈ ਕਰਨੀ ਪੈਂਦੀ ਹੈ। ਸਿਆਹੀ ਦਾ ਰੰਗ ਕਾਲਾ ਹੀ ਰਹਿੰਦਾ ਹੈ, ਪਰ ਸੋਨੇ ਦੀ ਮੌਜੂਦਗੀ ਦੇ ਕਾਰਨ ਘੱਟ ਰੋਸ਼ਨੀ ਵਿੱਚ ਵੀ ਅੱਖਰ ਚਮਕਣ ਲੱਗਦੇ ਹਨ।
ਦਿਨ ਵਿਚ ਛੇ ਤੋਂ ਸੱਤ ਘੰਟੇ ਲਗਾ ਕੇ ਇੱਕ ਪੰਨਾ ਲਿਖ ਪਾ ਰਹੇ ਮਨਕੀਰਤ ਹੁਣ ਤੱਕ 250 ਅੰਗ (ਪੰਨੇ) ਲਿਖ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਉਸਨੇ ਹੱਥ ਲਿਖਤ ਲਈ ਗੁਰੂਘਰ ਵਿੱਚ ਸਖਤ ਅਭਿਆਸ ਕੀਤਾ ਹੈ। ਉਸ ਨੇ ਕੁਲ 1430 ਪੰਨੇ ਲਿਖਣ ਦਾ ਉਦੇਸ਼ ਰੱਖਿਆ। ਇਸ ਤੋਂ ਇਲਾਵਾ 30 ਪੰਨੇ ਵੱਖਰੇ ਤੌਰ ’ਤੇ ਲਿਖੇ ਜਾਣਗੇ। ਇਕ ਪੰਨੇ ‘ਤੇ ਲਗਭਗ 700 ਤੋਂ ਇਕ ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ। ਇਸ ਦੇ ਨਾਲ ਹੀ ਇਸ ਕੰਮ ਦੇ ਪੂਰਾ ਹੋਣ ਤੋਂ ਬਾਅਦ ਜਿਲਦ (ਕਵਰ) ਸੋਨੇ ਦੀ ਬਣਵਾਈ ਜਾਵੇਗਾ। ਇਸ ਵਿਚ ਤਕਰੀਬਨ ਚਾਰ ਤੋਂ ਪੰਜ ਸੌ ਗ੍ਰਾਮ ਸੋਨਾ ਵਰਤਿਆ ਜਾਵੇਗਾ। ਇਸ ਪਵਿੱਤਰ ਕਾਰਜ ਨੂੰ ਪੂਰਾ ਕਰਨ ਲਈ ਤਕਰੀਬਨ 30 ਤੋਂ 35 ਲੱਖ ਰੁਪਏ ਖਰਚ ਆਏਗਾ, ਜਦੋਂਕਿ ਇਸ ਵਿਚ ਪੰਜ ਹੋਰ ਸਾਲ ਲੱਗਣਗੇ।
ਇਹ ਵੀ ਪੜ੍ਹੋ : SC ਵਿਦਿਆਰਥੀਆਂ ਦੇ ਰੋਲ ਨੰਬਰ ਰੋਕੇ ਜਾਣ ਦਾ ਮਾਮਲਾ- ਸ਼ਮਸ਼ੇਰ ਦੂਲੋ ਨੇ ਕੈਪਟਨ ਨੂੰ ਲਿਖੀ ਚਿੱਠੀ
ਮਨਕੀਰਤ ਦਾ ਕਹਿਣਾ ਹੈ ਕਿ ਚਾਹੇ ਇਸ ਕਾਰਜ ਵਿੱਚ ਉਸ ਨੂੰ ਕੱ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮੈਂ ਇਹ ਸੇਵਾ ਹਰ ਹਾਲ ਵਿੱਚ ਪੂਰੀ ਕਰਾਂਗਾ। ਜਦੋਂ ਤੱਕ ਵਾਹਿਗੁਰੂ ਦਾ ਹੱਥ ਮੇਰੇ ਸਿਰ ’ਤੇ ਰਹੇਗਾ, ਮੈਨੂੰ ਘਬਰਾਉਣ ਦੀ ਲੋੜ ਨਹੀਂ।