This wonderful couple adopted : ਅੱਜ ਜਿਥੇ ਹਰ ਕੋਈ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਅਣਗੌਲਿਆਂ ਕਰਕੇ ਪੈਸਾ ਕਮਾਉਣ ਦੀ ਦੌੜ ਵਿਚ ਲੱਗਾ ਹੋਇਆ ਹੈ ਉਥੇ ਪੰਜਾਬ ਵਿਚ ਇਕ ਅਜਿਹਾ ਪਰਿਵਾਰ ਹੈ ਜਿਨ੍ਹਾਂ ਨੇ ਕੁਝ ਸਿੱਖਣ ਤੇ ਸਿਖਾਉਣ ਦੇ ਮਿਸ਼ਨ ਨੂੰ ਅੱਗੇ ਰਖਦੇ ਹੋਏ ਮੁਸਾਫਰਾਂ ਵਾਲੀ ਜ਼ਿੰਦਗੀ ਅਪਣਾਈ ਹੈ। ਸਿਧਾਰਥ ਅਤੇ ਸਮ੍ਰਿਤੀ ਅਜਿਹੇ ਪਤੀ-ਪਤਨੀ ਹਨ ਜਿਨ੍ਹਾਂ ਦਾ ਆਪਣਾ ਕੋਈ ਘਰ ਨਹੀਂ ਹੈ। ਪਿਛਲੇ ਲਗਭਗ ਢਾਈ ਸਾਲਾਂ ਤੋਂ ਉਹ ਮੁਸਾਫਿਰਾਂ ਵਾਂਗ ਇਕ ਸ਼ਹਿਰ ਤੋਂ ਦੂਸਰੇ ਸ਼ਹਿਰ, ਇਕ ਸੂਬੇ ਤੋਂ ਦੂਸਰੇ ਸੂਬੇ ਵਿਚ ਆਪਣੀ ਕਾਰ ਵਿਚ ਹੀ ਘੁੰਮ ਰਹੇ ਹਨ। ਨਾਲ ਆਪਣੇ 11 ਸਾਲਾ ਬੱਚੇ ਅਦਵੈਤ ਨੂੰ ਵੀ ਇਸ ਤਜਰਬੇ ਨਾਲ ਸਾਂਝਾ ਕਰਵਾ ਰਹੇ ਹਨ। ਅਦਵੈਤ ਸਕੂਲ ਜਾ ਕੇ ਪੜ੍ਹਾਈ ਨਹੀਂ ਕਰਦਾ, ਉਹ ਇਨ੍ਹਾਂ ਨਾਲ ਓਪਨ ਸਕੂਲਿੰਗ ਰਾਹੀਂ ਐਜੂਕੇਸ਼ਨ ਲੈ ਰਿਹਾ ਹੈ।
ਅੱਜ ਜਿਥੇ ਮਾਪੇ ਆਪਣੇ ਬੱਚਿਆਂ ਨੂੰ ਕਾਨਵੈਂਟ ਸਕੂਲਾਂ ਵਿਚ ਪੜ੍ਹਾ ਕੇ ਡਾਕਟਰ, ਇੰਜੀਨੀਅਰ ਬਣਾਉਣ ਦੇ ਸੁਪਨੇ ਦੇਖਣ ਲੱਗਦੇ ਹਨ ਉਥੇ ਸਿਧਾਰਥ-ਸਮ੍ਰਿਤੀ ਆਪਣੇ ਬੱਚੇ ਨੂੰ ਸਕੂਲ ਤੋਂ ਹਟਾ ਕੇ ਜਾਣਕਾਰੀ ਦੇਣ ਦਾ ਵੱਖਰਾ ਤਰੀਕਾ ਅਪਣਾ ਰਹੇ ਹਨ ਤਾਂਕਿ ਜ਼ਿੰਦਗੀ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਖਾਸ ਹੋਵੇ। ਇਸ ਜੋੜੇ ਦਾ ਕਹਿਣਾ ਹੈ ਕਿ ਸਕੂਲਾਂ ਵਿਚ ਸੀਮਤ ਦਾਇਰੇ ਵਿਚ ਰਹਿ ਕੇ ਬੱਚਿਆਂ ਨੂੰ ਪੜ੍ਹਾਉਣ ਅਤੇ ਉਨ੍ਹਾਂ ਨੂੰ ਓਪਨ ਸਕੂਲਿੰਗ ਵਿਚ ਪੜ੍ਹਣ ਦਾ ਮੌਕਾ ਦੇਣ ਵਿਚ ਕਾਫੀ ਫਰਕ ਹੈ।
ਸਿਧਾਰਥ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਾਅਦ ਹੋਏ ਲੌਕਡਾਊਨ ਕਾਰਨ ਅਸੀਂ ਜਿਸ ਚੀਜ਼ ’ਤੇ ਸਭ ਤੋਂ ਵੱਧ ਫੋਕਸ ਕੀਤਾ ਹੈ ਉਹ ਹੈ ਖਾਣਾ। ਅਸੀਂ ਕਦੇ ਖੇਤੀ ਨਹੀਂ ਕੀਤੀ, ਖਾਣਾ ਕਿਵੇਂ ਪੈਦਾ ਹੁੰਦਾ ਹੈ, ਨਹੀਂ ਜਾਣਿਆ। ਇਹ ਮੌਕਾ ਮਿਲਿਆ ਹੈ, ਅਸੀਂ ਪਰਮਾਕਲਚਰ (ਪਰਮਾਨੈਂਟ ਐਗਰੀਕਲਚਰ) ਸਿੱਖਣਾ ਚਾਹੁੰਦੇ ਹਾਂ ਕਿ ਕਿਵੇਂ ਕੁਦਰਤ ਨਾਲ ਇਕ ਹੋ ਕੇ ਆਪਣੇ ਖਾਣੇ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ। ਅੱਜਕਲ ਇਨ੍ਹਾਂ ਮੁਸਾਫਰਾਂ ਦੀ ਯਾਤਰਾ ਰੁਕ ਗਈ ਹੈ। ਇਹ ਫਤਿਹਗੜ੍ਹ ਸਾਹਿਬ ਦੇ ਸਿਮਰਪ੍ਰੀਤ ਸਿੰਘ ਓਬਰਾਏ ਦੇ ਘਰ ਵਿਚ ਰਹਿ ਰਹੇ ਹਨ ਜੋ ਖੁਦ ਸਾਂਝੀ ਸਿੱਖਿਆ ਦਾ ਪ੍ਰਾਜੈਕਟ ਚਲਾ ਰਹੇ ਹਨ। ਇਹ ਨੌਜਵਾਨਾਂ ਦਾ ਗਰੁੱਪ ਹੈ ਜੋ ਸਿੱਖਿਆ ਅਤੇ ਕੰਮ ਨੂੰ ਲੈ ਕੇ ਆ ਰਹੇ ਗੈਪ ਨੂੰ ਪੂਰਾ ਕਰਨ ’ਤੇ ਕੰਮ ਕਰ ਰਿਹਾ ਹੈ।