Three accused in Delhi violence : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰਾਸ਼ਟਰ ਪੱਧਰੀ ਚੱਕਾ ਜਾਮ ਕੀਤਾ ਗਿਆ। ਉਥੇ ਹੀ 26 ਜਨਵਰੀ ਨੂੰ ਹੋਈ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਐਸਆਈਟੀ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ 32 ਸਾਲਾ ਹਰਪਾਲ ਸਿੰਘ ਉਰਫ ਜੌਨੀ, ਹਰਜੀਤ ਸਿੰਘ ਉਰਫ ਲੱਕੀ (48) ਤੇ ਧਰਮਿੰਦਰ ਸਿੰਘ ਉਰਫ ਕਾਲੇ (55) ਵਜੋਂ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਮੋਬਾਈਲ ਵਿੱਚ ਉਸ ਦਿਨ ਹਿੰਸਾ ਦੇ ਵੀਡੀਓ ਵੀ ਮਿਲੇ ਹਨ।
ਉਥੇ ਦੂਜੇ ਪਾਸੇ ਗ੍ਰਹਿ ਮੰਤਰਾਲਾ ਨੇ ਦਿੱਲੀ ਦੀ ਸਿੰਘੂ, ਗਾਜੀਪੁਰ ਅਤੇ ਟੀਕਰੀ ਸਰਹੱਦਾਂ ‘ਤੇ ਇੰਟਰਨੈੱਟ ਸੇਵਾਵਾਂ ਨੂੰ ਚੱਕਾ ਜਾਮ ਦੇ ਸੱਦੇ ਦੇ ਮੱਦੇਜ਼ਨਰ ਸ਼ਨੀਵਾਰ ਰਾਤ 12 ਵਜੇ ਤੱਕ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਗ੍ਰਹਿਮੰਤਰਾਲਾ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਫੈਸਲਾ ਜਨਤਕ ਸੁਰੱਖਿਆ ਨੂੰ ਬਣਾਈ ਰੱਖਣ ਲਈ ਲਿਆ ਗਿਆ ਹੈ। ਦੱਸਣਯੋਗ ਹੈ ਕਿ ਦਿੱਲੀ ਸਰਹੱਦ ‘ਤੇ ਧਰਨੇ ਵਾਲੀਆਂ ਥਾਵਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇੰਟਰਨੈੱਟ ‘ਤੇ ਪਾਬੰਦੀ ਲਗਾਉਣ, ਅਧਿਕਾਰੀਆਂ ਵੱਲੋਂ ਕਥਿਤ ਤੌਰ ‘ਤੇ ਤੰਗ ਕੀਤੇ ਜਾਣ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਦੁਪਹਿਰ 12 ਤੋਂ 3 ਵਜੇ ਤੱਕ ਦੇਸ਼ ਪੱਧਰੀ ਚੱਕਾ ਜਾਮ ਦਾ ਐਲਾਨ ਕੀਤਾ ਸੀ। ਚੱਕਾ ਜਾਮ ਦਾ ਪੰਜਾਬ ਤੇ ਹਰਿਆਣਾ ਵਿੱਚ ਚੰਗਾ ਅਸਰ ਦੇਖਿਆ ਗਿਆ। ਵੱਖ-ਵੱਖ ਕਿਸਾਨ ਸੰਗਠਨਾਂ ਨਾਲ ਜੁੜੇ ਕਿਸਾਨਾਂ ਨੇ ਵੱਖ-ਵੱਖ ਥਾਵਾਂ ‘ਤੇ ਸਟੇਟ ਤੇ ਨੈਸ਼ਨਲ ਹਾਈਵੇਟ ਜਾਮ ਕੀਤੇ ਸਨ।
ਇਸ ਦੌਰਾਨ ਅੱਜ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਕਿਸਾਨਾਂ ਦੇ ਚੱਕਾ ਜਾਮ ਦੌਰਾਨ ਇੱਕ ਟਰੈਕਟਰ ਉੱਤੇ ਭਿੰਡਰਾਂਵਾਲੇ ਦੀ ਤਸਵੀਰ ਵਾਲਾ ਝੰਡਾ ਵੇਖਿਆ ਗਿਆ ਸੀ, ਜਿਸ ਨੇ ਕਿਸਾਨਾਂ ਦੇ ਚੱਕਾ ਜਾਮ ਵਿੱਚ ਖਾਲਿਸਤਾਨੀ ਅਨਸਰਾਂ ਦੀ ਘੁਸਪੈਠ ਸੰਬੰਧੀ ਸਵਾਲ ਖੜ੍ਹੇ ਕੀਤੇ ਹਨ। ਕਿਸਾਨਾਂ ਦਾ ਚੱਕਾ ਜਾਮ 12 ਵਜੇ ਤੋਂ ਤਿੰਨ ਵਜੇ ਤੱਕ ਸੀ। ਪੰਜਾਬ ਅਤੇ ਹੋਰਨਾਂ ਸ਼ਹਿਰਾਂ ਵਿੱਚ ਇਹ ਸ਼ਾਂਤਮਈ ਹੀ ਰਿਹਾ। ਚੱਕਾ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸੂਬੇ ਅਤੇ ਨੈਸ਼ਨਲ ਹਾਈਵੇ ਜਾਮ ਕੀਤੇ।