Token and Odd-Even system to be : ਪੰਜਾਬ ਵਿਚ ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਕਰਕੇ ਚਿੰਤਾ ’ਚ ਆਈ ਸਰਕਾਰ ਨੇ ਹੁਣ ਪਬਲਿਕ ਡੀਲਿੰਗ ਕਰਨ ਵਾਲੇ ਉਨ੍ਹਾਂ ਸਾਰੇ ਵਿਭਾਗਾਂ ਦਾ ਕੰਮਕਾਜ ਸੀਮਤ ਕਰਨ ਦਾ ਫੈਸਲਾ ਲਿਆ ਹੈ, ਜਿਥੇ ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਆਉਂਦੇ ਹਨ, ਜਿਸ ਦੇ ਲਈ ਇਨ੍ਹਾਂ ਵਿਭਾਗਾਂ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਅਤੇ ਤੈਅ ਕੰਮਾਂ ਲਈ ਦਿਨ ਤੈਅ ਕਰ ਦਿੱਤੇ ਜਾਣਗੇ ਤਾਂਜੋ ਸਬੰਧਤ ਲੋਕ ਉਸੇ ਦਿਨ ਕੰਮ ਕਰਵਾਉਣ। ਇਸ ਦੇ ਲਈ ਸਰਕਾਰ ਵੱਲੋਂ ਪਬਲਿਕ ਡੀਲਿੰਗ ਕਰਨ ਵਾਲੇ ਵਿਭਾਗਾਂ ਵਿਚ ਆਡ-ਈਵਨ ਸਿਸਟਮ ਲਾਗੂ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਪਬਲਿਕ ਡੀਲਿੰਗ ਕਰਨ ਵਾਲੇ ਇਨ੍ਹਾਂ ਵਿਭਾਗਾਂ ਵਿਚ ਲੋਕਾਂ ਦੀ ਭੀੜ ਨੂੰ ਘਟਾਉਣ ਲਈ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਕਿਉਂਕਿ ਇਸ ਨਾਲ ਕਮਿਊਨਿਟੀ ਸਪ੍ਰੈੱਡ ਦੇ ਖਤਰਾ ਵਧ ਸਕਦਾ ਹੈ। ਇਸ ਦੇ ਨਾਲ ਹੀ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਕਿ ਜੇਕਰ ਕਿਸੇ ਵਿਅਕਤੀ ਨੂੰ ਦਫਤਰ ਵਿਚ ਇਕ ਤੋਂ ਵੱਧ ਕੰਮ ਹੈ ਤਾਂ ਉਨ੍ਹਾਂ ਕੰਮਾਂ ਲਈ ਉਸ ਨੂੰ ਦੁਬਾਰਾ ਦਫਤਰ ਚੱਕਰ ਨਾ ਲਗਾਉਣਾ ਪਏ।
ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿਚ ਟੋਕਨ ਸਿਸਟਮ ਲਾਗੂ ਕੀਤਾ ਜਾਵੇਗਾ, ਜਿਸ ਅਧੀਨ ਵਿਭਾਗ ਵੱਲੋਂ ਇਕ ਦਿਨ ਵਿਚ ਦਿੱਤੇ ਜਾਣ ਵਾਲੇ ਟੋਕਨਾਂ ਦੀ ਗਿਣਤੀ ਤੈਅ ਕਰ ਦਿੱਤੀ ਜਾਵੇਗੀ ਅਤੇ ਟੋਕਨ ਵਾਲੇ ਵਿਅਕਤੀ ਨੂੰ ਹੀ ਐਂਟਰੀ ਦੀ ਇਜਾਜ਼ਤ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਕੋਵਿਡ-19 ਸੰਕਟ ਦੌਰਾਨ ਪੁੱਡਾ, ਗਮਾਡਾ, ਬਿਜਲੀ ਵਿਭਾਗ, ਲੋਕਲ ਬਾਡੀ, ਵਾਟਰ ਸਪਲਾਈ, ਇਰੀਗੇਸ਼ਨ, ਲਾਈਸੈਂਸਿੰਗ ਐਂਡ ਰਜਿਸਟ੍ਰੇਸ਼ਨ, ਖੁਰਾਕ ਤੇ ਸਪਲਾਈ ਵਿਭਾਗ ਅਤੇ ਵੱਖ-ਵੱਖ ਸੁਵਿਧਾ ਕੇਂਦਰਾਂ ’ਚ ਇਹ ਸਿਸਟਮ ਲਾਗੂ ਕੀਤਾ ਜਾਵੇਗਾ।