Traders support farmers : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਆਰਡੀਨੈਂਸਾਂ ਖੇਤੀ ਵਿਰੋਧੀ ਬਿੱਲਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਤਹਿਤ ਹਲਕਾ ਗੁਰੂਹਰਸਹਾਏ ਵਿਖੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਸ. ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਵਿੱਚ 11 ਵਜੇ ਗੋਲੂਕਾ ਜੀ ਟੀ ਰੋਡ ਜਾਮ ਕੀਤਾ ਜਾਵੇਗਾ। ਭਗਤਾ ਭਾਈ ਵਿਖੇ ਵੀ ਕਿਸਾਨ ਮਾਰੂ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਭਗਤਾ ਭਾਈ ਵਿਖੇ ਹਲਕਾ ਰਾਮਪੁਰਾ ਫੂਲ ਦੇ ਵਰਕਰਾਂ ਦੇ ਸਹਿਯੋਗ ਨਾਲ ਬਾਜਾਖਾਨਾ ਬਰਨਾਲਾ ਰੋਡ ‘ਤੇ 12ਵਜੇ ਧਰਨਾ ਦਿੱਤਾ ਜਾਵੇਗਾ।
ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਵਪਾਰੀ ਵੀ ਪੂਰੀ ਤਰ੍ਹਾਂ ਸਮਰਥਨ ਦੇ ਰਹੇ ਹਨ । ਪੂਰੀ ਤਰ੍ਹਾਂ ਤੋਂ ਬਾਜ਼ਾਰ ਬੰਦ ਨਜ਼ਰ ਆਏ। ਦੂਜੇ ਪਾਸੇ ਪੈਟਰੋਲ ਪੰਪ, ਬੱਸਾਂ ਆਦਿ ਸਾਰਾ ਕੁਝ ਬੰਦ ਸੀ। ਬੱਸ ਸਟੈਂਡ ‘ਤੇ ਬੱਸਾਂ ਬੰਦ ਖੜ੍ਹੀਆਂ ਨਜ਼ਰ ਆਈਆਂ। ਇਸੇ ਤਰ੍ਹਾਂ ਜਿਲ੍ਹਾ ਮੋਗਾ ਵਿਖੇ ਵੀ ਬੰਦ ਨੂੰ ਪੂਰਾ ਸਮਰਥਨ ਮਿਲਿਆ ਤੇ ਸਾਰੀਆਂ ਦੁਕਾਨਾਂ ਦੇ ਸ਼ੋਅਰੂਮ ਬੰਦ ਰਹੇ।
ਪੰਜਾਬ ਵਿਖੇ ਵੱਖ-ਵੱਖ ਰਾਜਨੀਤਕ ਦਲਾਂ ਵੱਲੋਂ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਥਾਂ-ਥਾਂ ‘ਤੇ ਧਰਨੇ ਦਿੱਤੇ ਜਾ ਰਹੇ ਹਨ ਤੇ ਚੱਕਾ ਜਾਮ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਤੇ ਉਨ੍ਹਾਂ ਦਾ ਸਮਰਥਨ ਕਰ ਰਿਹਾ ਹੈ। ਕਿਸਾਨਾਂ ਵੱਲੋਂ ਰੇਲਵੇ ਟਰੈਕ ‘ਤੇ ਧਰਨੇ ਦਿੱਤੇ ਜਾ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।