Two IAS officers posted : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਚੱਲਦਿਆਂ ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਵਿਚ ਦੋ ਨੌਜਵਾਨ ਆਈ.ਐਸ. ਅਧਿਕਾਰੀਆਂ ਨੂੰ ਨੋਡਲ ਅਫ਼ਸਰਾਂ ਵਜੋਂ ਨਿਯੁਕਤ ਕੀਤਾ ਗਿਆ ਹੈ ਤਾਂਜੋ ਇਸ ਨਾਲ ਅਸਰਦਾਰ ਢੰਗ ਨਾਲ ਨਜਿੱਠਿਆ ਜਾ ਸਕੇ। ਸਾਲ-2012 ਬੈਚ ਦੀ ਆਈ.ਏ.ਐਸ. ਅਧਿਕਾਰੀ ਸੁਰਭੀ ਮਲਿਕ ਨੂੰ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਸਾਲ-2014 ਬੈਚ ਦੇ ਹਿਮਾਂਸ਼ੂ ਅਗਰਵਾਲ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਕੋਵਿਡ ਕੇਅਰ ਦਾ ਜ਼ਿੰਮਾ ਸੌਂਪਿਆ ਗਿਆ ਹੈ। ਦੋਵੇਂ ਨੌਜਵਾਨ ਆਈ.ਏ.ਐਸ. ਅਫਸਰਾਂ ਨੂੰ ਸਬੰਧਿਤ ਜ਼ਿਲ੍ਹੇ ਵਿੱਚ ਤੀਜੇ ਦਰਜੇ (ਟਰਸ਼ਰੀ) ਦੇ ਕੋਵਿਡ ਹਸਪਤਾਲਾਂ ਦੇ ਇੰਚਾਰਜ ਦੇ ਨਾਲ-ਨਾਲ ਮੈਡੀਕਲ ਸਿੱਖਿਆ ਤੇ ਖੋਜ ਦੇ ਗੈਰ-ਸਰਕਾਰੀ ਵਧੀਕ ਸਕੱਤਰ ਬਣਾਇਆ ਗਿਆ ਹੈ।
ਇਹ ਅਧਿਕਾਰੀ ਇਲਾਜ ਮੁਹੱਈਆ ਕਰਵਾ ਰਹੇ ਪ੍ਰਾਈਵੇਟ ਸੈਕਟਰ ਦੇ ਹਸਪਤਾਲਾਂ ਨਾਲ ਵੀ ਤਾਲਮੇਲ ਬਿਠਾਉਣ ਦੇ ਨਾਲ-ਨਾਲ ਸੂਬੇ ਦੀ ਸਿਹਤ ਸਲਾਹਕਾਰ ਕਮੇਟੀ ਦਰਮਿਆਨ ਤਾਲਮੇਲ ਵੀ ਕਾਇਮ ਕਰਨਗੇ। ਇਨ੍ਹਾਂ ਅਧਿਕਾਰੀਆਂ ਨੂੰ ਕੋਵਿਡ ਦੀ ਟੈਸਟਿੰਗ, ਅਲਹਿਦਗੀ, ਦਾਖਲ ਮਰੀਜ਼ਾਂ, ਇਲਾਜ ਅਤੇ ਮਰੀਜ਼ਾਂ ਨੂੰ ਛੁੱਟੀ ਨਾਲ ਸਬੰਧਤ ਰੋਜ਼ਮੱਰਾ ਦੀਆਂ ਲੋੜਾਂ ਤੇ ਚੁਣੌਤੀਆਂ ਨਾਲ ਨਜਿੱਠਣ ਦਾ ਕਾਰਜ ਵੀ ਸੌਂਪਿਆ ਗਿਆ ਹੈ। ਇਹ ਅਧਿਕਾਰੀ ਕੋਵਿਡ ਦੇਖਭਾਲ ਵਾਲੇ ਪ੍ਰਾਈਵੇਟ ਹਸਪਤਾਲਾਂ ਨਾਲ ਤਾਲਮੇਲ ਕਰ ਕੇ ਸੂਬਾ ਸਰਕਾਰ ਵੱਲੋਂ ਤੈਅ ਕੀਤੀਆਂ ਕੀਮਤਾਂ ਅਤੇ ਹੋਰ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਰਾਹੀਂ ਮਰੀਜ਼ਾਂ ਨੂੰ ਬਿਹਤਰ ਸੰਭਵ ਇਲਾਜ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣਗੇ। ਇਹ ਅਧਿਕਾਰੀ ਕਿਸੇ ਤਰ੍ਹਾਂ ਦੀ ਸਹਾਇਤਾ ਲਈ ਮਰੀਜ਼ਾਂ ਲਈ ਵੀ ਉਪਲਬਧ ਰਹਿਣਗੇ।
ਨੋਡਲ ਅਫ਼ਸਰ ਮਰੀਜ਼ਾਂ ਨੂੰ ਕਿਸੇ ਵੀ ਪੱਧਰ ‘ਤੇ ਕੋਈ ਵੀ ਦਿੱਕਤ ਜਾਂ ਸਮੱਸਿਆ ਪੇਸ਼ ਨਾ ਆਵੇ, ਇਸ ਗੱਲ ਨੂੰ ਯਕੀਨੀ ਬਣਾਉਣਗੇ ਅਤੇ ਕੋਵਿਡ ਪੀੜਤ ਮ੍ਰਿਤਕ ਸਰੀਰ ਦੇ ਸਸਕਾਰ/ਦਫਨਾਉਣ ਦੀਆਂ ਰਸਮਾਂ ਨੂੰ ਆਈ.ਸੀ.ਐਮ.ਆਰ. ਦੇ ਪ੍ਰੋਟੋਕੋਲ ਅਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਨੇਪਰੇ ਚਾੜ੍ਹਣ ਵਿੱਚ ਸਹਿਯੋਗ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਸੁਰਭੀ ਮਲਿਕ ਇਸ ਵੇਲੇ ਪਟਿਆਲਾ ਵਿਕਾਸ ਅਥਾਰਟੀ ਦੀ ਮੁੱਖ ਪ੍ਰਸ਼ਾਸਕ ਦੇ ਨਾਲ-ਨਾਲ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਵਜੋਂ ਤਾਇਨਾਤ ਹਨ ਜਦਕਿ ਹਿੰਮਾਸ਼ੂ ਅਗਰਵਾਲ ਅੰਮ੍ਰਿਤਸਰ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਤਾਇਨਾਤ ਹਨ।