Two SITs set up by DGP : ਚੰਡੀਗੜ੍ਹ : ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਲਈ ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਬੀਤੇ ਦਿਨ ਦੋ ਵਿਸ਼ੇਸ ਜਾਂਚ ਟੀਮਾਂ (ਐਸ.ਆਈ.ਟੀ.) ਗਠਨ ਕਰਨ ਦਾ ਹੁਕਮ ਦਿੱਤਾ ਗਿਆ ਹੈ, ਜਿਨ੍ਹਾਂ ਦੀ ਨਿਗਰਾਨੀ ਏਡੀਜੀਪੀ (ਕਾਨੂੰਨ ਤੇ ਵਿਵਸਥਾ) ਈਸ਼ਵਰ ਸਿੰਘ ਕਰਨਗੇ। ਜਾਂਚ ਅਧਿਕਾਰੀਆਂ ਨੂੰ ਐਸ.ਆਈ.ਟੀ. ਦੀ ਨਿਗਰਾਨੀ ਹੇਠ ਪੰਜਾਬ ਰਾਜ ਦੇ ਅੰਦਰ ਅਤੇ ਬਾਹਰ ਦੋਵੇਂ ਹਰ ਕਿਸਮ ਦੇ ਸਬੰਧਾਂ ਨੂੰ ਉਜਾਗਰ ਕਰਨ ਲਈ ਪੂਰੀ ਅਤੇ ਵਿਆਪਕ ਜਾਂਚ ਨੂੰ ਯਕੀਨੀ ਬਣਾਉਣ ਸਬੰਧੀ ਹਿਦਾਇਤਾਂ ਦਿੱਤੀਆਂ ਗਈਆਂ ਹਨ। ਇਹ ਆਈ.ਓਜ਼ ਸਬੰਧਤ ਅਦਾਲਤਾਂ ਵਿੱਚ ਜਲਦੀ ਤੋਂ ਜਲਦੀ ਆਪਣੇ ਦਸਤਖਤਾਂ ਹੇਠ ਅੰਤਿਮ ਰਿਪੋਰਟ ਦਾਇਰ ਕਰਨ ਲਈ ਵੀ ਜ਼ਿੰਮੇਵਾਰ ਹੋਣਗੇ।
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ ਇਸ ਮਾਮਲੇ ‘ਚ ਕੁੱਲ ਪੰਜ ਮਕੁੱਦਮੇ ਦਰਜ ਕੀਤੇ ਹਨ ਜਿੰਨਾ ਵਿੱਚੋਂ ਤਰਨਤਾਰਨ ਵਿਚ 3, ਅੰਮ੍ਰਿਤਸਰ ਦਿਹਾਤੀ ਅਤੇ ਬਟਾਲਾ ਵਿਚ ਇੱਕ-ਇੱਕ ਐਫਆਈਆਰ ਦਰਜ ਕੀਤੀ ਗਈ। ਇਨ੍ਹਾਂ ਟੀਮਾਂ ਦੀ ਨਿਗਰਾਨੀ ਤਰਨਤਾਰਨ ਵਿਚ ਹਰਦਿਆਲ ਸਿੰਘ ਮਾਨ ਡੀਆਈਜੀ (ਫਿਰੋਜਪੁਰ ਰੇਂਜ ਫਿਰੋਜਪੁਰ), ਅੰਮ੍ਰਿਤਸਰ ਤੇ ਬਟਾਲਾ ਵਿਚ ਸੁਰਿੰਦਰਪਾਲ ਸਿੰਘ ਪਰਮਾਰ ਆਈ.ਜੀ (ਬਾਰਡਰ ਰੇਂਜ ਅੰਮ੍ਰਿਤਸਰ) ਕਰਨਗੇ, ਜਦਕਿ ਤਰਨਤਾਰਨ ਵਿਚ ਐਸ.ਆਈ.ਟੀ. ਦੇ ਹੋਰ ਮੈਂਬਰਾਂ ਵਿੱਚ ਐਸ.ਐਸ.ਪੀ ਤਰਨਤਾਰਨ, ਧਰੁਮਨ ਨਿੰਬਲੇ, ਐਸ.ਪੀ (ਜਾਂਚ) ਤਰਨਤਾਰਨ, ਜਗਜੀਤ ਸਿੰਘ ਵਾਲੀਆ ਨੂੰ ਜਾਂਚ ਅਧਿਕਾਰੀ ਨਾਮਜਦ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪਹਿਲੀ ਵਾਰ ਐਸਪੀ- ਪੱਧਰ ਦੇ ਅਧਿਕਾਰੀਆਂ ਨੂੰ ਇਨ੍ਹਾਂ ਮਾਮਲਿਆਂ ਲਈ ਤਫਤੀਸ਼ੀ ਅਧਿਕਾਰੀ (ਆਈ.ਓ.) ਨਾਮਜਦ ਕੀਤਾ ਗਿਆ ਹੈ। ਐਸ.ਆਈ.ਟੀਜ ਦੇ ਚੇਅਰਮੈਨਾਂ ਨੂੰ ਸਬੂਤਾਂ ਤੇ ਸ਼ਹਾਦਤਾਂ ਦੀ ਸਹੀ ਤੇ ਢੁਕਵੀਂ ਰਿਕਾਰਡਿੰਗ ਨੂੰ ਯਕੀਨੀ ਬਣਾਉਣ ਲਈ ਜਾਂਚ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੇ ਕਿਸੇ ਵਿਭਾਗ ਦੀ ਸਹਾਇਤਾ ਅਤੇ ਸਹਿਯੋਗ ਪ੍ਰਾਪਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।