Unique effort of the education department : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੋਵਿਡ-19 ਸੰਕਟ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਅਤੇ ਦੂਰਦਰਸ਼ਨ ’ਤੇ ਸਿੱਖਿਆ ਦੇਣ ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਹੁਣ ਐਨੀਮੇਸ਼ਨ ਵੀਡੀਓਜ਼ ਰਾਹੀਂ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੀ ਇਕ ਨਿਵੇਕਲੀ ਤੇ ਸ਼ਲਾਘਾਯੋਗ ਕੋਸ਼ਿਸ਼ ਸ਼ੁਰੂ ਕੀਤੀ ਹੈ, ਜਿਸ ਨਾਲ ਬੱਚਿਆਂ ਦਾ ਮਨੋਰੰਜਨ ਵੀ ਹੋ ਹੁੰਦਾ ਹੈ ਅਤੇ ਉਨ੍ਹਾਂ ਦਾ ਧਿਆਨ ਪੜ੍ਹਾਈ ਵੱਲ ਵੀ ਵਧ ਜਾਂਦਾ ਹੈ। ਇਹ ਐਨੀਮੇਸ਼ਨ ਵੀਡੀਓਜ਼ ਅਧਿਆਪਕਾਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਲਈ ਵਧੇਰੇ ਆਈ. ਟੀ. ਨਾਲ ਸਬੰਧਤ ਅਧਿਆਪਕਾਂ ਦਾ ਯੋਗਦਾਨ ਲਿਆ ਜਾ ਰਿਹਾ ਹੈ। ਇਹ ਜਾਣਕਾਰੀ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਵੱਲੋਂ ਦਿੱਤੀ ਗਈ।
ਐਨੀਮੇਸ਼ਨ ਵੀਡੀਓ ਨਾਲ ਬੱਚਿਆਂ ਦੀ ਪੜ੍ਹਾਈ ਵਿਚ ਦਿਲਚਸਪੀ ਵੀ ਵਧੇਗੀ ਅਤੇ ਉਹ ਆਪਣੇ ਵਿਸ਼ੇ ਨਾਲ ਜ਼ਿਾਦਾ ਜੁੜਿਆ ਹੋਇਆ ਮਹਿਸੂਸ ਕਰਨਗੇ। ਦੱਸਣਯੋਗ ਹੈ ਕਿ ਇਸ ਦਾ ਸਾਰਾ ਕ੍ਰੈਡਿਟ ਸਿੱਖਿਆ ਸਕੱਤਰ ਕ੍ਰਿਸ਼ਣ ਕੁਮਾਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਅਧਿਆਪਕਾਂ ਨੂੰ ਮੀਟਿੰਗਾਂ ਰਾਹੀਂ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣ ਲਈ ਪ੍ਰੇਰਿਤ ਕੀਤਾ। ਅਧਿਆਪਕਾਂ ਨੇ ਇਸ ਨੂੰ ਚੁਣੌਤੀ ਵਜੋਂ ਸਵੀਕਾਰ ਕਰਦੇ ਹੋਏ ਐਨੀਮੇਸ਼ਨ ਤਕਨੀਕ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਸਿੱਖਿਆ ਵਿਭਾਗ ਵੱਲੋਂ ਮਿਲੇ ਪ੍ਰੋਤਸਾਹਨ ਅਤੇ ਕੋਵਿਡ-19 ਅਧੀਨ ’ਮਿਸ਼ਨ ਫਤਿਹ’ ਨੂੰਸਫਲ ਬਣਾਉਣ ਲਈ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਘਰ ਬੈਠੇ ਸਿੱਖਿਆ ਦੇਣ ਲਈ ਕੁਝ ਵੱਖਰਾ ਕਰਨ ਦੀ ਸੋਚ ਨੇ ਇਹ ਹਾਂ-ਪੱਖੀ ਨਤੀਜੇ ਕੱਢਿਆ ਹੈ। ਖਾਸਕਰ ਪ੍ਰਾਈਮਰੀ ਕਲਾਸਾਂ ਦੇ ਵਿਦਿਆਰਥੀਆਂ ਤੱਕ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਬਹੁਤ ਸਾਰੀਆਂ ਐਨੀਮੇਸ਼ਨ ਵੀਡੀਓਜ਼ ਸੋਸ਼ਲ ਮੀਡੀਆ ਰਾਹੀਂ ਪਹੁੰਚਾਈਆਂ ਜਾ ਰਹੀਆਂ ਹਨ।