Vehicles will be sanitized before : ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਬਚਾਅ ਪੱਖੋਂ ਚੰਡੀਗੜ੍ਹ ਏਅਰਪੋਰਟ ’ਤੇ ਹੁਣ ਐਂਟਰੀ ਤੋਂ ਪਹਿਲਾਂ ਸਾਰੀਆਂ ਗੱਡੀਆਂ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਬਿਨਾਂ ਸੈਨੀਟਾਈਜ਼ ਕੀਤੇ ਕਾਰ ਨੂੰ ਏਅਰਪੋਰਟ ਦੀ ਪਾਰਕਿੰਗ ਏਰੀਆ ਤੱਕ ਨਹੀਂ ਜਾਣ ਦਿੱਤਾ ਜਾਵੇਗਾ। ਇਸ ਦੌਰਾਨ ਪ੍ਰਾਈਵੇਟ ਵ੍ਹੀਕਲ ਤੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ, ਜਦਕਿ ਕਮਰਸ਼ੀਅਲ ਗੱਡੀਆਂ ਨੂੰ ਇਸ ਦੇ ਲਈ 30 ਰੁਪਏ ਦੇਣੀ ਹੋਣਗੇ। ਏਅਰਪੋਰਟ ’ਤੇ ਪਾਰਕਿੰਗ ਵਾਲੀ ਥਾਂ ’ਤੇ ਹੀ ਗੱਡੀਆਂ ਨੂੰ ਸੈਨੀਟਾਈਜ਼ ਕਰਨ ਦੀ ਵਿਵਸਥਾ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਏਅਰਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਸੈਨੀਟਾਈਜ਼ੇਸ਼ਨ ਦਾ ਪ੍ਰੋਸੈੱਸ ਅਜੇ ਲਗਾਤਾਰ ਚੱਲੇਗਾ। ਇਸ ਦੇ ਨਾਲ ਹੀ ਏਅਰਪੋਰਟ ’ਤੇ ਕਿਸੇ ਵੀ ਮੁਸਾਫਰ ਅਤੇ ਵਿਜ਼ੀਟਰ ਨੂੰ ਬਿਨਾਂ ਮਾਸਕ ਦੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਚੰਡੀਗੜ੍ਹ ਤੇ ਮੋਹਾਲੀ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਮੋਹਾਲੀ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਉਥੇ ਹੀ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 425 ਤੋਂ ਵੀ ਪਾਰ ਹੋ ਗਈ ਹੈ। ਬੀਤੇ ਦਿਨ ਵੀ ਮੋਹਾਲੀ ਵਿਚ ਕੋਰੋਨਾ ਦੇ 31 ਮਾਮਲੇ ਸਾਹਮਣੇ ਆਏ ਸਨ। ਉਥੇ ਹੀ ਚੰਡੀਗੜ੍ਹ ਵਿਚ ਵੀ ਕੋਰੋਨਾ ਦੇ 588 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਬੀਤੇ ਦਿਨ ਸ਼ਹਿਰ ਵਿਚੋਂ ਕੋਰੋਨਾ ਦੇ 29 ਮਾਮਲੇ ਸਾਹਮਣੇ ਆਏ ਸਨ। ਵਧੇਦੇ ਮਾਮਲਿਆਂ ਨੇ ਪ੍ਰਸ਼ਾਸਨ ਤੇ ਅਧਿਕਾਰੀਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ, ਜਿਸ ਦੇ ਚੱਲਦਿਆਂ ਇਸ ਤੋਂ ਬਚਾਅ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।