Vigilance arrested ASI blood handed : ਹੁਸ਼ਿਆਰਪੁਰ : ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਸਥਾਨਕ ਐਂਟੀ ਹਿਊਮਨ ਟਰੈਫਕਿੰਗ ਯੂਨਿਟ ਦੇ ਏ.ਐਸ.ਆਈ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦਲਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਮਨਿੰਦਰ ਕੁਮਾਰ ਸ਼ਰਮਾ ਵਾਸੀ ਬਾਹਟੀਵਾਲ ਥਾਣਾ ਗੜ੍ਹਦੀਵਾਲ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ ਸੀ। ਏਐਸਆਈ ਪਵਨ ਕੁਮਾਰ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਰਿਸ਼ਵਤ ਦੀ ਰਕਮ ਵੀ ਬਰਾਮਦ ਕੀਤੀ ਗਈ। ਸ਼ਿਕਾਇਤ ਕਰਤਾ ਦੇ ਬਿਆਨਾਂ ’ਤੇ ਰਿਸ਼ਵਤ ਰੋਕੂ ਐਕਟ ਦੀ ਧਾਰਾ 7 ਤਹਿਤ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਦਾ ਜੋਤਿਸ਼ ਦਾ ਕੰਮ ਹੈ ਅਤੇ ਰਜਿੰਦਰ ਸਿੰਘ ਵਾਸੀ ਨੰਦਾਚੋਰ, ਗੁਰਚਰਨ ਸਿੰਘ ਵਾਸੀ ਮਾਹਕੋਟ ਜ਼ਿਲ੍ਹਾ ਮੋਗਾ ਉਸਦੇ ਦੋਸਤ ਹਨ। ਰਜਿੰਦਰ ਸਿੰਘ 2012 ਮਾਡਲ ਇਕ ਵਰਨਾ ਦਾ ਸੌਦਾ 7 ਲੱਖ ਰੁਪਏ ਵਿੱਚ ਗੁਰਚਰਨ ਸਿੰਘ ਨਾਲ ਕੀਤਾ ਅਤੇ 2 ਲੱਖ ਰੁਪਏ ਟੋਕਨ ਮਨੀ ਵਜੋਂ ਰਜਿੰਦਰ ਸਿੰਘ ਦੇ ਖਾਤੇ ਵਿੱਚ ਆਰ.ਟੀ.ਜੀ.ਐਸ. ਰਾਹੀਂ ਟਰਾਂਸਫਰ ਕਰਨੀ ਸੀ ਪਰ ਕਿਸੇ ਕਾਰਨ ਇਹ ਪੈਸੇ ਟਰਾਂਸਫਰ ਨਹੀਂ ਹੋਏ। ਰਜਿੰਦਰ ਸਿੰਘ ਨੇ ਗੁਰਚਰਨ ਸਿੰਘ ਨੂੰ ਕਿਹਾ ਕਿ ਇਹ ਪੈਸੇ ਸ਼ਿਕਾਇਤ ਕਰਤਾ ਮਨਿੰਦਰ ਕੁਮਾਰ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਜਾਣ ਜੋ ਕਿ ਉਸਨੇ ਭੇਜ ਦਿੱਤੇ ਅਤੇ ਸ਼ਿਕਾਇਤ ਕਰਤਾ ਨੇ ਅੱਗੇ ਇਹ ਰਕਮ ਰਜਿੰਦਰ ਸਿੰਘ ਦੇ ਬੈਂਕ ਖਾਤੇ ਵਿੱਚ ਉਸੇ ਦਿਨ ਟਰਾਂਸਫਰ ਕਰ ਦਿੱਤੀ।
ਇਸ ਤੋਂ ਬਾਅਦ ਰਜਿੰਦਰ ਸਿੰਘ ਨੇ ਨਾ ਤਾਂ ਗੱਡੀ ਵੇਚੀ ਅਤੇ ਨਾ ਹੀ ਪੈਸੇ ਵਾਪਸ ਕੀਤੇ ਜਿਸ ’ਤੇ ਗੁਰਚਰਨ ਸਿੰਘ ਨੇ ਸ਼ਿਕਾਇਤ ਕਰਤਾ ਦੇ ਖਿਲਾਫ ਮਨੁੱਖੀ ਤਸਕਰੀ ਸਬੰਧੀ ਇਕ ਦਰਖਾਸਤ ਐਸ.ਐਸ.ਪੀ. ਹੁਸ਼ਿਆਰਪੁਰ ਨੂੰ ਦਿੱਤੀ। ਪਰ ਇਸ ਤੋਂ ਬਾਅਦ ਉਨ੍ਹਾਂ ਦਾ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਵਿੱਚ ਰਾਜੀਨਾਮਾ ਹੋ ਗਿਆ ਜਿਸ ਦੀ ਕਾਪੀ ਆਰਥਿਕ ਅਪਰਾਧ ਸ਼ਾਖਾ ਦੇ ਏ.ਐਸ.ਆਈ ਬਲਵਿੰਦਰ ਸਿੰਘ ਦੇ ਕਹਿਣ ’ਤੇ ਸਟੈਨੋ ਨੂੰ ਸੌਂਪ ਦਿੱਤੀ ਗਈ। ਇਸ ਤੋਂ ਇਕ ਹਫ਼ਤਾ ਪਹਿਲਾਂ ਐਂਟੀ ਹਿਊਮਨ ਟਰੈਫਕਿੰਗ ਯੂਨਿਟ ਹੁਸ਼ਿਆਰਪੁਰ ਤੋਂ ਏ.ਐਸ.ਆਈ ਪਵਨ ਕੁਮਾਰ ਦਾ ਸ਼ਿਕਾਇਤ ਕਰਤਾ ਨੇ ਫੋਨ ਕਰਕੇ ਕਿਹਾ ਕਿ ਉਸ ਖਿਲਾਫ ਸ਼ਿਕਾਇਤ ਪੈਂਡਿੰਗ ਕਹਿ ਕੇ ਇਹ ਮਾਮਲਾ ਨਿਪਟਾਉਣ ਦੇ ਏਵਜ ਵਿੱਚ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਬਾਅਦ ਵਿੱਚ ਉਹ 20 ਹਜ਼ਾਰ ਰੁਪਏ ’ਤੇ ਰਾਜੀ ਹੋ ਗਿਆ, ਜਿਸ ਨੂੰ ਲੈਂਦਿਆਂ ਉਸ ਨੂੰ ਰੰਗੇ ਹੱਥੀਆਂ ਗ੍ਰਿਫਤਾਰ ਕਰ ਲਿਆ ਗਿਆ।