Woman suffering from postpartum pain : ਅੰਮ੍ਰਿਤਸਰ ਵਿੱਚ ਸਿਵਲ ਹਸਪਤਾਲ ਵਿਖੇ ਜਣੇਪੇ ਦੇ 16 ਘੰਟਿਆਂ ਬਾਅਦ ਗਾਇਨੀ ਵਿਭਾਗ ਦੇ ਸਟਾਫ ਨੇ ਇਕ ਮਾਂ ਨੂੰ ਕੋਰੋਨਾ ਪਾਜ਼ੀਟਿਵ ਦੱਸ ਕੇ ਅੱਧੀ ਰਾਤ ਨੂੰ ਉਸ ਦੇ ਨਵਜੰਮੇ ਬੱਚੇ ਨਾਲ ਵਾਰਡ ਤੋਂ ਬਾਹਰ ਕੱਢ ਦਿੱਤਾ, ਜਿਥੇ ਦਰਦ ਨਾਲ ਤੜਫਤੀ ਔਰਤ ਦਾ ਪਤੀ ਸਟਾਫ ਦੇ ਤਰਲੇ ਪਾਉਂਦਾ ਰਿਹਾ ਪਰ ਸਟਾਫ ਨੇ ਇੱਕ ਨਾ ਮੰਨੀ। ਦੱਸਣਯਗ ਹੈ ਕਿ ਸਿਵਲ ਹਸਪਤਾਲ ਦੇ ਗਿਆਨੀ ਵਾਰਡ ਵਿੱਚ ਸ਼ੁੱਕਰਵਾਰ ਸਵੇਰੇ ਪੰਜ ਵਜੇ ਇੱਕ 24 ਸਾਲਾ ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਨਵਜੰਮੇ ਬੱਚੇ ਦੇ ਜਨਮ ਦੇ ਲਗਭਗ 16 ਘੰਟੇ ਬਾਅਦ ਰਾਤ 9 ਵਜੇ ਗਾਇਨੀ ਵਿਭਾਗ ਦੀ ਸਟਾਫ ਨਰਸ ਔਰਤ ਕੋਲ ਆਈ ਅਤੇ ਉਸ ਨੇ ਔਰਤ ਨੂੰ ਦੱਸਿਆ ਕਿ ਉਹ ਕੋਰੋਨਾ ਪਾਜ਼ੀਟਿਵ ਹੈ। ਪਤਨੀ ਦੇ ਕੋਲ ਬੈਠੇ ਪਤੀ ਮਹਿੰਦਰ ਨੇ ਸਟਾਫ ਨਰਸ ਤੋਂ ਔਰਤ ਸੁਮਨ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ ਮੰਗੀ ਤਾਂ ਨਰਸ ਨੇ ਦੱਸਿਆ ਕਿ ਉਸ ਕੋਲ ਕੋਈ ਰਿਪੋਰਟ ਨਹੀਂ ਹੈ, ਡਾਕਟਰਾਂ ਨੇ ਉਸ ਨੂੰ ਸੁਮਨ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ।
ਸਟਾਫ ਨਰਸ ਨੇ ਉਸ ਦੇ ਪਤੀ ਅਤੇ ਉਸਦੀ ਮਾਂ, ਜੋ ਸੁਮਨ ਦੀ ਦੇਖਭਾਲ ਕਰ ਰਹੀ ਹੈ, ਨੂੰ ਕਿਹਾ ਕਿ ਉਹ ਨਵਜੰਮੇ ਬੱਚੇ ਅਤੇ ਸੁਮਨ ਨੂੰ ਇੱਥੋਂ ਲੈ ਕੇ ਜਾਣ ਅਤੇ ਉਨ੍ਹਾਂ ਨੂੰ ਗੁਰੂਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਉਣ। ਸੁਮਨ ਅਤੇ ਨਵਜੰਮੇ ਬੱਚੇ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਉਣ ਲਈ ਐਂਬੂਲੈਂਸ ਹਸਪਤਾਲ ਪਹੁੰਚ ਗਈ ਹੈ। ਇਹ ਸੁਣਦਿਆਂ ਹੀ ਸੁਮਨ ਦੇ ਪਤੀ ਅਤੇ ਮਾਂ ਨੇ ਕਿਹਾ ਕਿ ਠੰਡ ਦੀ ਰਾਤ ਵਿੱਚ ਨਵਜੰਮੇ ਬੱਚੇ ਨੂੰ ਲੈ ਕੇ ਕਿੱਥੇ ਜਾਣ। ਉਹ ਦਰਦ ਨਾਲ ਤੜਫ ਰਹੀ ਹੈ। ਹਸਪਤਾਲ ਮੈਨੇਜਮੈਂਟ ਨੇ ਬਿਨਾਂ ਕੋਈ ਤਰਕ ਦਿੱਤੇ ਸੁਮਨ ਅਤੇ ਨਵਜੰਮੇ ਬੱਚੇ ਨੂੰ ਵਾਰਡ ਤੋਂ ਬਾਹਰ ਕਰ ਦਿੱਤਾ। ਨਵਜੰਮੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਸੁਮਨ, ਉਸ ਦਾ ਪਤੀ ਅਤੇ ਮਾਂ ਵਾਰਡ ਦੇ ਬਾਹਰ ਬੈਠੇ ਰਹੇ। ਕੱ ਵਾਰ ਮੌਜੂਦ ਸਟਾਫ ਦੀਆਂ ਮਿੰਨਤਾਂ ਕੀਤੀਆਂ ਪਰ ਉਨ੍ਹਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।
ਰਾਤ ਦੇ ਬਾਰਾਂ ਵਜੇ ਉਸਦੀ ਪਤਨੀ ਅਤੇ ਸੁਮਨ ਦੀ ਮਾਂ ਹਸਪਤਾਲ ਤੋਂ ਬਾਹਰ ਆਏ। ਨਵਜੰਮਿਆ ਬੱਚਾ ਵੀ ਗੋਦੀ ਵਿਚ ਸੀ। ਸੁੰਨਸਾਨ ਸੜਕਾਂ ‘ਤੇ ਇਕ ਵੀ ਵਾਹਨ ਦਿਖਾਈ ਨਹੀਂ ਦੇ ਰਿਹਾ ਸੀ। ਤਕਰੀਬਨ ਇਕ ਕਿਲੋਮੀਟਰ ਚੱਲਣ ਤੋਂ ਬਾਅਦ ਸੁਮਨ ਥੱਕ ਕੇ ਹਾਰ ਗਈ। ਇੱਕ ਵਜੇ ਦੇ ਕਰੀਬ ਸੜਕ ’ਤੇ ਆਟੋ ਦਿਖਾਈ ਦਿੱਤਾ। ਬੜੀ ਮੁਸ਼ਕਲ ਨਾਲ ਉਸ ਨੇ ਉਨ੍ਹਾਂ ਨੂੰ ਰਾਮਤੀਰਥ ਰੋਡ ਘਰ ਵੱਲ ਜਾਣ ਲਈ ਮਨਾਇਆ। ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਦੇ ਰਾਸ਼ਟਰੀ ਚੇਅਰਮੈਨ ਮਹੰਤ ਰਮੇਸ਼ ਆਨੰਦ ਸਰਸਵਤੀ ਨੇ ਇਸ ਸੰਬੰਧੀ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਸ਼ਿਕਾਇਤ ਕੀਤੀ ਹੈ। ਇਥੇ ਸਵਾਲ ਇਹ ਉਠਦਾ ਹੈ ਕਿ ਹਸਪਤਾਲ ਦੇ ਡਾਕਟਰਾਂ ’ਤੇ ਜਾਨ ਬਚਾਉਣ ਦਾ ਭਰੋਸਾ ਕਰਦੇ ਹਨ, ਉਥੇ ਹੀ ਜੇਕਰ ਇਸ ਬੱਚੇ ਜਾਂ ਉਸ ਦੀ ਮਾਂ ਨੂੰ ਕੁਝ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੁੰਦਾ।