Young man blackmails woman : ਅੰਮ੍ਰਿਤਸਰ ਵਿਚ ਇਕ ਨੌਜਵਾਨ ਨੇ ਆਪਣੀ ਸਾਬਕਾ ਪ੍ਰੇਮਿਕਾ ਨੂੰ ਬਲੈਕਮੇਲ ਕਰਕੇ ਸਬੰਧ ਬਣਾਉਣ ਲਈ ਮਜਬੂਰ ਕੀਤਾ, ਜਿਸ ਦਾ ਵਿਰੋਧ ਕਰਨ ’ਤੇ ਉਸ ਦੇ ਕੱਪੜੇ ਫਾੜ ਕੇ ਇਸੇ ਹਾਲਤ ਵਿਚ ਉਸ ਨੂੰ ਗਲੀ ਵਿਚ ਭੱਜਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਉਸ ਨੇ ਪੀੜਤਾ ਦੀ ਮਾਂ ਨੂੰ ਵੀ ਕਮਰੇ ਵਿਚ ਬੰਦ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਔਰਤ ਦੇ ਇਸ ਵਿਅਕਤੀ ਨਾਲ ਵਿਆਹ ਤੋਂ ਪਹਿਲਾਂ ਸਬੰਧ ਸਨ, ਜਿਸ ਦਾ ਨੌਜਵਾਨ ਨੇ ਅਸ਼ਲੀਲ ਵੀਡੀਓ ਬਣਾਇਆ ਹੋਇਆ ਸੀ ਅਤੇ ਫਿਰ ਉਸ ਨੂੰ ਵਿਆਹ ਤੋਂ ਬਾਅਦ ਵੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਸਬੰਧ ਬਣਾਉਣ ਲਈ ਦਬਾਅ ਬਣਾਉਂਦਾ ਸੀ।
ਕੁਝ ਦਿਨ ਪਹਿਲਾਂ ਔਰਤ ਆਪਣੀ ਮਾਂ ਨਾਲ ਵੀਡੀਓ ਡਿਲੀਟ ਕਰਵਾਉਣ ਲਈ ਆਪਣੇ ਇਸ ਵਿਅਕਤੀ ਦੇ ਘਰ ਗਈ, ਜਿਥੇ ਉਸ ਨੇ ਮੁੜ ਉਸ ਨਾਲ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ’ਤੇ ਉਸ ਨੇ ਔਰਤ ਨੂੰ ਕੁੱਟਿਆ ਤੇ ਉਸ ਦੇ ਕੱਪੜੇ ਫਾੜ ਦਿੱਤੇ ਅਤੇ ਉਸ ਨੂੰ ਗਲੀ ਵਿਚ ਭੱਜਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਨੌਜਵਾਨ ਨੇ ਔਰਤ ਦੀ ਮਾਂ ਨੂੰ ਦੂਜੇ ਕਮਰੇ ਵਿਚ ਬੰਦ ਕਰ ਦਿੱਤਾ। ਔਰਤ ਦੇ ਰੌਲਾ ਪਾਉਣ ’ਤੇ ਮੁਹੱਲੇ ਦੇ ਲੋਕ ਇਕੱਠਾ ਹੋ ਗਏ ਅਤੇ ਉਨ੍ਹਾਂ ਨੇ ਔਰਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ। ਲੋਕਾਂ ਨੇ ਇਸ ਵਿਅਕਤੀ ਦੇ ਚੁੰਗਲ ਤੋਂ ਔਰਤ ਦੀ ਮਾਂ ਨੂੰ ਛੁਡਾਇਆ।
ਔਰਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਵਿਆਹੀ ਹੋਈ ਹੈ ਅਤੇ ਉਸ ਦੀ ਸੱਤ ਸਾਲ ਦੀ ਬੇਟੀ ਹੈ। ਇਸ ਵਿਅਕਤੀ ਨਾਲ ਉਸ ਦੇ ਵਿਆਹ ਤੋਂ ਪਹਿਲਾਂ ਸਬੰਧ ਸਨ, ਜਿਸ ਦਾ ਉਸ ਨੇ ਵੀਡੀਓ ਬਣਾ ਕੇ ਉਸ ਨਾਲ ਕਈ ਵਾਰ ਉਸ ਦਾ ਯੌਨ ਸ਼ੋਸ਼ਣ ਕੀਤਾ। ਉਹ ਵਿਅਕਤੀ ਵੀ ਵਿਆਹਿਆ ਹੋਇਆ ਹੈ। ਔਰਤ ਨੇ ਸਦਰ ਥਾਣਾ ’ਤੇ ਉਸ ਵਿਅਕਤੀ ’ਤੇ ਕਾਰਵਾਈ ਕਰਨ ਦੀ ਥਾਂ ਸਮਝੌਤੇ ਦਾ ਦਬਾਅ ਬਣਾਉਣ ਦਾ ਦੋਸ਼ ਲਗਾਇਆ। ਉਸ ਨੇ ਇਸ ਸਬੰਧ ’ਚ ਡੀਜੀਪੀ ਦਿਨਕਰ ਗੁਪਤਾ ਤੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਔਰਤ ਦੇ ਵਕੀਲ ਨੇ ਕਿਹਾ ਕਿ ਪੁਲਿਸ ਵੱਲੋਂ ਇਨਸਾਫ ਨਾ ਮਿਲਣ ਦੀ ਸੂਰਤ ਵਿਚ ਉਹ ਅਦਾਲਤ ਵਿਚ ਪਟੀਸ਼ਨ ਦਾਇਰ ਕਰਨਗੇ, ਜਦਕਿ ਏਐਸਆਈ ਗੁਰਜੀਤ ਸਿੰਘ ਨੇ ਔਰਤ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਦੋ ਦਿਨ ਤੋਂ ਪੀੜਤ ਔਰਤ ਨੂੰ ਥਾਣੇ ਵਿਚ ਆਉਣ ਲਈ ਕਹਿ ਰਹੇ ਹਨ ਪਰ ਉਹ ਨਹੀਂ ਆ ਰਹੀ ਹੈ। ਏਸੀਪੀ ਸਰਬਜੀਤ ਸਿੰਘ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।