ਮਣੀਪੁਰ ਦੇ ਉਖਰੁਲ ਸ਼ਹਿਰ ਵਿੱਚ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੀ ਇੱਕ ਸ਼ਾਖਾ ਵਿੱਚ ਲੁੱਟ ਦੀ ਇੱਕ ਵੱਡੀ ਘਟਨਾ ਵਾਪਰੀ। ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਉਖਰੁਲ ਸਥਿਤ ਪੀਐਨਬੀ ਬ੍ਰਾਂਚ ‘ਚ 18.85 ਕਰੋੜ ਰੁਪਏ ਲੁੱਟ ਲਏ। ਉਸ ਵੇਲੇ ਬੈਂਕ ਵਿੱਚ 11 ਦੇ ਕਰੀਬ ਮੁਲਾਜ਼ਮ ਸਨ।
ਪੁਲਿਸ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਦੱਸਿਆ ਕਿ 8 ਤੋਂ 10 ਹਥਿਆਰਬੰਦ ਵਿਅਕਤੀਆਂ ਨੇ ਉਖਰੁਲ ਸ਼ਹਿਰ ਦੇ ਵਿਊਲੈਂਡ-1 ਸਥਿਤ ਪੀਐਨਬੀ ਬੈਂਕ ਦੀ ਸ਼ਾਖਾ ‘ਤੇ ਦੁਪਹਿਰ ਵੇਲੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਬਦਮਾਸ਼ਾਂ ਨੇ ਬੈਂਕ ‘ਤੇ ਹਮਲਾ ਕੀਤਾ ਤਾਂ ਕਰਮਚਾਰੀ ਪੂਰੇ ਦਿਨ ਦੇ ਲੈਣ-ਦੇਣ ਤੋਂ ਬਾਅਦ ਪੈਸੇ ਗਿਣ ਰਹੇ ਸਨ। ਉਨ੍ਹਾਂ ਕਰਮਚਾਰੀਆਂ ਨੂੰ ਪਿਸਤੌਲ ਵਿਖਾ ਕੇ ਧਮਕਾਇਆ।
ਪੁਲਿਸ ਮੁਤਾਬਕ ਵੀਰਵਾਰ ਨੂੰ ਹਥਿਆਰਬੰਦ ਅਪਰਾਧੀਆਂ ਨੇ ਪੈਸੇ ਗਿਣ ਰਹੇ ਮੁਲਾਜ਼ਮਾਂ ਕੋਲ ਪਹੁੰਚ ਕੇ 18.85 ਕਰੋੜ ਰੁਪਏ ਲੁੱਟ ਲਏ। ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਕੋਲ ਕਥਿਤ ਤੌਰ ‘ਤੇ ਆਧੁਨਿਕ ਹਥਿਆਰ ਸਨ ਅਤੇ ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਅਤੇ ਪੀਐਨਬੀ ਸ਼ਾਖਾ ਦੇ ਸਟਾਫ ਨੂੰ ਕਾਬੂ ਕਰ ਲਿਆ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, ‘ਸੁਰੱਖਿਆ ਕਰਮਚਾਰੀਆਂ ਅਤੇ ਬੈਂਕ ਕਰਮਚਾਰੀਆਂ ਨੂੰ ਬੰਦੂਕ ਦੀ ਨੋਕ ‘ਤੇ ਰੱਸੀਆਂ ਨਾਲ ਬੰਨ੍ਹ ਕੇ ਸਟੋਰ ਰੂਮ ਦੇ ਅੰਦਰ ਬੰਦ ਕਰ ਦਿੱਤਾ ਗਿਆ ਤੇ ਡਕੈਤ ਨਕਦੀ ਲੈ ਕੇ ਭੱਜ ਗਏ।’ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਸੁਰੱਖਿਆ ਬਲ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਇਸ ਸਬੰਧੀ ਬੈਂਕ ਅਧਿਕਾਰੀ ਨੇ ਪੁਲਿਸ ਕੋਲ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਚਪੇੜਾਂ ਮਾਰ ਕੇ ਕੀਤਾ ਜਾਂਦੈ ਲਾਇਲਾਜ ਬੀਮਾਰੀਆਂ ਦਾ ਇਲਾਜ! ਪਰ ਸਾਵਧਾਨ- ਜਾ ਸਕਦੀ ਏ ਜਾਨ
ਖਬਰਾਂ ਮੁਤਾਬਕ ਬੈਂਕ ‘ਚ ਇੰਨੀ ਵੱਡੀ ਲੁੱਟ ਦੀ ਸੂਚਨਾ ਮਿਲਦੇ ਹੀ ਇਲਾਕੇ ‘ਚ ਹੜਕੰਪ ਮਚ ਗਿਆ। ਇਸ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਲੁਟੇਰਿਆਂ ਨੂੰ ਫੜਨ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਦੱਸ ਦਈਏ ਕਿ 7 ਮਹੀਨੇ ਪਹਿਲਾਂ ਮਣੀਪੁਰ ‘ਚ ਭੜਕੀ ਜਾਤੀ ਹਿੰਸਾ ਤੋਂ ਬਾਅਦ ਪਹਿਲੀ ਵਾਰ ਉਖਰੁਲ ਕਸਬੇ ‘ਚ ਲੁੱਟ ਦੀ ਇੰਨੀ ਵੱਡੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਇੱਕ ਹਥਿਆਰਬੰਦ ਗਿਰੋਹ ਨੇ ਚੂਰਾਚੰਦਪੁਰ ਵਿੱਚ ਐਕਸਿਸ ਬੈਂਕ ਦੀ ਇੱਕ ਸ਼ਾਖਾ ਤੋਂ ਇੱਕ ਕਰੋੜ ਰੁਪਏ ਲੁੱਟ ਲਏ ਸਨ। ਦੱਸ ਦਈਏ ਕਿ ਮਣੀਪੁਰ ਇਸ ਸਾਲ ਮੀਤੇਈ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਹੋਏ ਟਕਰਾਅ ਕਾਰਨ ਕਾਫੀ ਸਮੇਂ ਤੱਕ ਅਸ਼ਾਂਤ ਰਿਹਾ।
ਵੀਡੀਓ ਲਈ ਕਲਿੱਕ ਕਰੋ : –
























