ਉੱਤਰ ਪ੍ਰਦੇਸ਼ ਦੇ ਬਸਤੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਮਜ਼ਦੂਰ ਰਾਤੋਂ-ਰਾਤ ਅਰਬਪਤੀ ਬਣ ਗਿਆ। ਉਸ ਦੇ ਖਾਤੇ ਵਿਚ 2 ਅਰਬ 21 ਕਰੋੜ ਤੋਂ ਜ਼ਿਆਦਾ ਰੁਪਏ ਆ ਗਏ। ਬੈਂਕ ਖਾਤੇ ਵਿਚ ਇੰਨੀ ਰਕਮ ਦੇਖ ਕੇ ਮਜ਼ਦੂਰ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ ਪਰ ਹੁਣ ਇਹ ਰਕਮ ਉਸ ਲਈ ਮੁਸੀਬਤ ਬਣ ਗਈ ਹੈ। ਉਸ ਦੇ ਘਰ ਟੈਕਸ ਵਿਭਾਗ ਦਾ ਨੋਟਿਸ ਪਹੁੰਚ ਗਿਆ ਹੈ।
ਮਾਮਲਾ ਬਸਤੀ ਦੇ ਲਾਲਗੰਜ ਥਾਣਾ ਖੇਤਰ ਦੇ ਬਰਤਨੀਆ ਪਿੰਡ ਦਾ ਹੈ, ਜਿਥੋਂ ਦੇ ਰਹਿਣ ਵਾਲਾ ਸ਼ਿਵ ਪ੍ਰਸਾਦ ਨਿਸ਼ਾਦ ਦੇ ਘਰ ਆਮਦਨ ਟੈਕਸ ਵਿਭਾਗ ਦਾ ਨੋਟਿਸ ਪਹੁੰਚਿਆ ਤਾਂ ਹੜਕੰਪ ਮਚ ਗਿਆ। ਸ਼ਿਵ ਪ੍ਰਸਾਦ ਦਿੱਲੀ ਵਿਚ ਪੱਥਰ ਘਿਸਾਈ ਦਾ ਕੰਮ ਕਰਦਾ ਹੈ। ਇਕ ਮਜ਼ਦੂਰ ਦੇ ਘਰ ਆਮਦਨ ਟੈਕਸ ਵਿਭਾਗ ਦੇ ਨੋਟਿਸ ਪਹੁੰਚਣ ਨਾਲ ਪਰਿਵਾਰ ਸਦਮ ਵਿਚ ਹੈ ਕਿਉਂਕਿ ਨੋਟਿਸ ਵਿਚ ਸ਼ਿਵ ਪ੍ਰਸਾਦ ਦੇ ਬੈਂਕ ਖਾਤੇ ਤੋਂ 221 ਕਰੋੜ ਰੁਪਏ ਦਾ ਲੈਣ-ਦੇਣ ਦਿਖਾਇਆ ਗਿਆ ਹੈ, ਨਾਲ ਹੀ ਉਸ ਨੂੰ ਸਾਰੇ ਦਸਤਾਵੇਜ਼ ਲੈ ਕੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਗਿਆ ਹੈ।
ਸ਼ਿਵਪ੍ਰਸਾਦ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਆਖਿਰ ਉਸ ਦੇ ਖਾਤੇ ਵਿਚ ਇੰਨੇ ਪੈਸੇ ਕਿਥੋਂ ਆ ਗਏ। ਉਹ ਕੰਮ ਛੱਡ ਕੇ ਦਿੱਲੀ ਤੋਂ ਯੂਪੀ ਪਰਤ ਆਇਆ ਹੈ। ਸ਼ਿਵਪ੍ਰਸਾਦ ਨੇ ਖਦਸ਼ਾ ਪ੍ਰਗਟਾਇਆ ਕਿ 2019 ਵਿਚ ਉਸ ਦਾ ਪੈਨ ਕਾਰਡ ਗੁੰਮ ਹੋ ਗਿਆ ਸੀ। ਉਸ ਦੀ ਮਦਦ ਨਾਲ ਹੀ ਕਿਸੇ ਨੇ ਜਾਅਲਸਾਜੀ ਕਰਕੇ ਉਸਦੇ ਨਾਂ ‘ਤੇ ਬੈਂਕ ਖਾਤਾ ਖੋਲ੍ਹ ਦਿਤਾ ਤੇ ਇਹ ਕਾਂਡ ਕਰ ਦਿੱਤਾ।
ਸ਼ਿਵਪ੍ਰਸਾਦ ਨੇ ਕਿਹਾ ਕਿ ਮੈਂ ਮਜ਼ਦੂਰ ਹਾਂ। ਪੱਥਰ ਘਿਸਾਈ ਦਾ ਕੰਮ ਕਰਕੇ ਪੈਸਾ ਕਮਾਉਂਦਾ ਹਾਂ। ਮੈਨੂੰ ਨਹੀਂ ਪਤਾ ਕਿ ਇੰਨੇ ਪੈਸੇ ਦਾ ਕਿਸ ਨੇ ਲੈਣ-ਦੇਣ ਕੀਤਾ ਹੈ। ਸ਼ਾਇਦ ਮੇਰੇ ਪੈਨ ਕਾਰਡ ਦਾ ਕਿਸੇ ਨੇ ਗਲਤ ਇਸਤੇਮਾਲ ਕੀਤਾ ਹੈ। ਜਿਸ ਖਾਤੇ ਵਿਚ 2 ਅਰਬ 21 ਕਰੋੜ 30 ਲੱਖ ਰੁਪਏ ਜਮ੍ਹਾ ਹੋਏ ਹਨ, ਉਹ ਮੇਰਾ ਹੀ ਹੈ ਕਿਵੇਂ ਅਤੇ ਕਦੋਂ ਇੰਨਾ ਟ੍ਰਾਂਜੈਕਸ਼ਨ ਹੋਇਆ ਨਹੀਂ ਪਤਾ। ਬਾਕੀ ਦੇ ਜੋ ਖਾਤੇ ਹਨ, ਉਨ੍ਹਾਂ ਵਿਚ ਕੋਈ ਪੈਸਾ ਟ੍ਰਾਂਜੈਕਸ਼ਨ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : NGT ਨੇ ਪੰਜਾਬ ਸਰਕਾਰ ਨੂੰ ਪ੍ਰਦੂਸ਼ਣ ਦੇ ਮਾਮਲੇ ‘ਚ ਮੁੱਖ ਸਕੱਤਰ ਨੂੰ ਜਾਰੀ ਕੀਤਾ ਨੋਟਿਸ
ਡਾਕ ਵੱਲੋਂ ਘਰ ‘ਤੇ ਜੋ ਨੋਟਿਸ ਆਇਆ ਹੈ ਉਸ ਵਿਚ ਬੈਂਕ ਖਾਤੇ ਤੋਂ 2 ਅਰਬ 21 ਕਰੋੜ 30 ਲੱਖ ਰੁਪਏ ਕੈਸ਼ ਜਮ੍ਹਾ ਹੋਣ ਦੀ ਗੱਲ ਹੈ। 4 ਲੱਖ 58 ਹਜ਼ਾਰ 715 ਰੁਪਏ ਟੀਡੀਐੱਸ ਕੱਟਣ ਦੀ ਗੱਲ ਲਿਖੀ ਹੋਈ ਹੈ। ਫਿਲਹਾਲ ਅਰਬਾਂ ਰੁਪਏ ਦੇ ਟ੍ਰਾਂਜੈਕਸ਼ਨ ਨੂੰ ਲੈ ਆਮਦਨ ਟੈਕਸ ਤੇ ਪੁਲਿਸ ਵਿਭਾਗ ਦੋਵੇਂ ਅਲਰਟ ਹੋ ਗਏ ਹਨ। ਦੋਵੇਂ ਵਿਭਾਗਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।