ਚੰਡੀਗੜ੍ਹ ਜ਼ਿਲ੍ਹਾ ਖਪਤਕਾਰ ਅਦਾਲਤ ਨੇ ਚੰਡੀਗੜ੍ਹ ਦੇ ਸੈਕਟਰ 35 ਸਥਿਤ ਬਰਿਸਤਾ ਕੌਫੀ ਕੰਪਨੀ ਨੂੰ 1000 ਰੁਪਏ ਦਾ ਜੁਰਮਾਨਾ ਕੀਤਾ ਹੈ। ਇਸ ਦੇ ਨਾਲ ਹੀ ਪੀਜੀਆਈ ਦੇ ਗ਼ਰੀਬ ਮਰੀਜ਼ਾਂ ਦੇ ਖਾਤੇ ਵਿੱਚ 10 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਬਰਿਸਤਾ ਕੌਫੀ ਕੰਪਨੀ ਨੇ ਪੇਪਰ ਕੱਪ ਦੇ ਨਾਂ ‘ਤੇ 5 ਰੁਪਏ ਹੋਰ ਵਸੂਲੇ ਸਨ। ਅਦਾਲਤ ਨੇ ਭਵਿੱਖ ਵਿੱਚ ਅਜਿਹੇ ਪੈਸੇ ਦੀ ਵਸੂਲੀ ਕਰਨ ਤੋਂ ਵੀ ਮਨ੍ਹਾ ਕੀਤਾ ਹੈ। ਕੰਪਨੀ ਨੂੰ ਆਰਡਰ ਦੀ ਕਾਪੀ ਮਿਲਣ ਦੇ 60 ਦਿਨਾਂ ਦੇ ਅੰਦਰ ਇਹ ਪੈਸਾ ਜਮ੍ਹਾ ਕਰਾਉਣੇ ਹੋਣਗੇ।
ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਸਾਲ 2020 ਵਿੱਚ ਉਸ ਨੇ ਕੈਫੇ ਤੋਂ ਹੌਟ ਚਾਕਲੇਟ ਖਰੀਦੀ ਸੀ, ਜਿਸ ਦਾ ਬਿੱਲ 230 ਰੁਪਏ ਸੀ। ਜਦੋਂ ਉਸ ਨੇ ਬਿੱਲ ਦੀ ਕਾਪੀ ਦੇਖੀ ਤਾਂ ਉਸ ਵਿੱਚ ਪੇਪਰ ਕੱਪ ਦੇ 5 ਰੁਪਏ ਵੀ ਸ਼ਾਮਲ ਸਨ। ਉਸ ਪੇਪਰ ਕੱਪ ‘ਤੇ ਕੰਪਨੀ ਦਾ ਨਾਂ ਵੀ ਲਿਖਿਆ ਹੋਇਆ ਸੀ। ਜਦੋਂ ਸ਼ਿਕਾਇਤਕਰਤਾ ਪੈਂਸੀ ਸਿੰਘ ਸੋਨੀ ਨੇ ਕੈਫ਼ੇ ‘ਚ ਇਸ ‘ਤੇ ਇਤਰਾਜ਼ ਕੀਤਾ ਤਾਂ ਕੈਫ਼ੇ ਵੱਲੋਂ ਉਸ ਨੂੰ ਪੈਸੇ ਵਾਪਸ ਨਹੀਂ ਕੀਤੇ ਗਏ, ਉਸ ਨੇ ਇਸ ਬਾਰੇ ਅਦਾਲਤ ਵਿੱਚ ਸ਼ਿਕਾਇਤ ਕੀਤੀ ਸੀ।
ਇਹ ਵੀ ਪੜ੍ਹੋ : ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ‘ਚ ਸਰਕਾਰੀ ਕੇਂਦਰਾਂ ਤੋਂ ਢਾਈ ਗੁਣਾ ਵੱਧ! ਵਿਭਾਗ ਕਰੇਗਾ ਜਾਂਚ
ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਟਿੱਪਣੀ ਕੀਤੀ ਕਿ ਇਹ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਡਿਸਪੋਜ਼ੇਬਲ ਖਾਣ-ਪੀਣ ਦੀਆਂ ਵਸਤੂਆਂ ਅਤੇ ਸਮਾਨ ਨੂੰ ਲਿਜਾਣ ਲਈ ਕੈਰੀ ਬੈਗ ਪ੍ਰਦਾਨ ਕਰੇ ਕਿਉਂਕਿ ਇਹ ਗਾਹਕ ਵੱਲੋਂ ਖਰੀਦੇ ਗਏ ਸਮਾਨ ਦਾ ਹਿੱਸਾ ਹੈ। ਦੁਕਾਨਦਾਰ ਲਈ ਆਪਣੇ ਗਾਹਕਾਂ ਨੂੰ ਇਸ ਤਰ੍ਹਾਂ ਦੀ ਸੇਵਾ ਪ੍ਰਦਾਨ ਕਰਨਾ ਲਾਜ਼ਮੀ ਹੈ। ਇਸ ਲਈ ਅਜਿਹੀ ਕਿਸੇ ਵੀ ਚੀਜ਼ ਲਈ ਕੋਈ ਵਾਧੂ ਚਾਰਜ ਨਹੀਂ ਲਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ : –