ਪਟਿਆਲਾ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਕੈਦੀ ਹੁਣ ਪੈਟਰੋਲ ਪੰਪ ’ਤੇ ਵਾਹਨਾਂ ਵਿੱਚ ਤੇਲ ਭਰਨ ਦਾ ਕੰਮ ਕਰਨਗੇ। ਇਨ੍ਹਾਂ ਕੈਦੀਆਂ ਨੂੰ ਕੇਂਦਰੀ ਜੇਲ੍ਹ ਦੇ ਬਾਹਰ ਨਵੇਂ ਖੁੱਲ੍ਹੇ ਪੈਟਰੋਲ ਪੰਪ ’ਤੇ ਡਿਊਟੀ ’ਤੇ ਲਾਇਆ ਜਾਵੇਗਾ। ਜਿਹੜੇ ਕੈਦੀ ਸਜ਼ਾ ਪੂਰੀ ਕਰਨ ਦੇ ਨੇੜੇ ਹਨ, ਉਨ੍ਹਾਂ ਨੂੰ ਪੈਟਰੋਲ ਪੰਪ ‘ਤੇ ਨੌਕਰੀ ਦਿੱਤੀ ਜਾਵੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਨੂੰ ਇਸ ਪੈਟਰੋਲ ਪੰਪ ਦਾ ਉਦਘਾਟਨ ਕੀਤਾ ਜਿੱਥੇ ਏਡੀਜੀਪੀ ਜੈ ਅਰੁਣਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸੂਬੇ ਵਿੱਚ ਜੇਲ੍ਹਾਂ ਦੇ ਬਾਹਰ ਵੀ 12 ਪੈਟਰੋਲ ਪੰਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲੁਧਿਆਣਾ, ਰੂਪਨਗਰ, ਹੁਸ਼ਿਆਰਪੁਰ ਅਤੇ ਫ਼ਿਰੋਜ਼ਪੁਰ ਵਿੱਚ 4 ਪੈਟਰੋਲ ਪੰਪ ਲਗਾਏ ਜਾ ਚੁੱਕੇ ਹਨ ਅਤੇ ਅੱਜ ਪੰਜਵਾਂ ਪੈਟਰੋਲ ਪੰਪ ਪਟਿਆਲਾ ਦੇ ਨਿਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਹੈ।
ਇਹ ਸਾਰੇ ਪੈਟਰੋਲ ਪੰਪ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੀ ਮਦਦ ਨਾਲ ਖੋਲ੍ਹੇ ਜਾ ਰਹੇ ਹਨ। ਪੈਟਰੋਲ ਪੰਪ ਲੱਗਣ ਨਾਲ ਜੇਲ੍ਹ ਵਿਭਾਗ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਇਹ ਪੈਸਾ ਜੇਲ੍ਹ ਵਿਭਾਗ ਦੇ ਸੁਧਾਰ ’ਤੇ ਖਰਚ ਕੀਤਾ ਜਾਵੇਗਾ। ਇਸ ਮੌਕੇ ਆਈਜੀ ਜੇਲ੍ਹ ਰੂਪ ਕੁਮਾਰ ਅਰੋੜਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਆਈਓਸੀ ਸੀਜੇਐਮ ਪਿਯੂਸ਼ ਮਿੱਤਲ ਹਾਜ਼ਰ ਸਨ।
ਏਡੀਜੀਪੀ ਜੇਲ੍ਹ ਅਰੁਣਪਾਲ ਸਿੰਘ ਨੇ ਕਿਹਾ ਕਿ ਪੈਟਰੋਲ ਪੰਪ ’ਤੇ ਕੈਦੀਆਂ ਵੱਲੋਂ ਚੰਗੇ ਆਚਰਣ ਨਾਲ ਕੰਮ ਕੀਤਾ ਜਾਵੇਗਾ। ਅਜਿਹਾ ਕਰਨ ਨਾਲ ਕੈਦੀਆਂ ਨੂੰ ਜੇਲ੍ਹ ਦੇ ਅੰਦਰ ਰਹਿੰਦਿਆਂ ਆਪਣੇ ਆਪ ਨੂੰ ਸੁਧਾਰਨ ਦਾ ਮੌਕਾ ਮਿਲੇਗਾ ਅਤੇ ਹੁਣ ਜੇਲ੍ਹ ਵਿਭਾਗ ਦੇ ਯਤਨਾਂ ਨਾਲ ਉਨ੍ਹਾਂ ਨੂੰ ਆਪਣੀ ਡਿਊਟੀ ਨਿਭਾਉਣ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ : ਕਿਸਾਨਾਂ ਨੇ ਹੁਣ ਜਲੰਧਰ-ਪਠਾਨਕੋਟ ਹਾਈਵੇ ਕੀਤਾ ਜਾਮ, ਗੱਡੀਆਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ
ਜੇਲ੍ਹ ਦੇ ਬਾਹਰ ਵੀ ਕੈਦੀ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਰੱਖ ਸਕਣਗੇ ਅਤੇ ਆਮਦਨ ਵੀ ਹੋਵੇਗੀ। ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦੀਆਂ ਦੀ ਸਿਹਤ ਲਈ ਕੰਮ ਕਰ ਰਹੇ ਹਨ ਅਤੇ ਸੀ.ਐਮ ਯੋਗਸ਼ਾਲਾ ਵੀ ਚਲਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ : –