ਮੁਕਤਸਰ ਦੇ ਸਰਹਿੰਦ ਫੀਡਰ ਨਹਿਰ ‘ਚ ਸਵਾਰੀਆਂ ਨਾਲ ਭਰੀ ਬੱਸ ਦੇ ਡਿੱਗਣ ਦੇ ਮਾਮਲੇ ‘ਚ ਥਾਣਾ ਬਰੀਵਾਲਾ ਦੀ ਪੁਲਿਸ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਵੀ ਬੱਸ ਚਾਲਕ ਤੇਜ਼ ਰਫ਼ਤਾਰ ਨਾਲ ਬੱਸ ਚਲਾ ਰਿਹਾ ਸੀ। ਦੱਸ ਦੇਈਏ ਕਿ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰੇ ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ। ਜਦਕਿ ਦਸ ਲੋਕ ਜ਼ਖਮੀ ਹੋ ਗਏ। ਕੁਝ ਯਾਤਰੀ ਅਜੇ ਵੀ ਲਾਪਤਾ ਹਨ, NDRF ਦੀਆਂ ਟੀਮਾਂ ਬੁੱਧਵਾਰ ਨੂੰ ਵੀ ਉਨ੍ਹਾਂ ਦੀ ਭਾਲ ਕਰ ਰਹੀਆਂ ਸਨ।
ਇਸ ਸਬੰਧੀ ਤਾਰ ਸਿੰਘ ਵਾਸੀ ਪਿੰਡ ਕੱਟਿਆਂਵਾਲੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਤਾਰ ਸਿੰਘ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਪ੍ਰੀਤੋ ਕੌਰ ਉਸ ਨੂੰ ਮਿਲਣ ਲਈ ਤਰਨਤਾਰਨ ਤੋਂ ਪਿੰਡ ਕੱਟਿਆਂਵਾਲੀ ਆਈ ਹੋਈ ਸੀ। ਉਸ ਨੂੰ ਛੱਡਣ ਲਈ ਉਹ ਸਵੇਰੇ ਕਰੀਬ 11 ਵਜੇ ਪਿੰਡ ਕੱਟਿਆਂਵਾਲੀ ਤੋਂ ਮਲੋਟ ਬੱਸ ਸਟੈਂਡ ਆਇਆ। ਇੱਥੋਂ ਅਸੀਂ ਨਿਊ ਦੀਪ ਬੱਸ ਵਿੱਚ ਸਵਾਰ ਹੋ ਗਏ ਜਿਸ ਨੇ ਅੰਮ੍ਰਿਤਸਰ ਜਾਣਾ ਸੀ।
ਇਸ ਦੌਰਾਨ ਬੱਸ ਦਾ ਕੰਡਕਟਰ ਡਰਾਈਵਰ ਖੁਸ਼ਪਿੰਦਰ ਸਿੰਘ ਨੂੰ ਬੱਸ ਤੇਜ਼ ਚਲਾਉਣ ਲਈ ਕਹਿ ਰਿਹਾ ਸੀ। ਇਸ ’ਤੇ ਡਰਾਈਵਰ ਖੁਸ਼ਪਿੰਦਰ ਸਿੰਘ ਨੇ ਕੰਡਕਟਰ ਨੂੰ ਕਿਹਾ ਕਿ ਹਰਜੀਤ ਸਿੰਘ ਇੱਕ ਵਾਰ ਸੀਟੀ ਮਾਰ ਫਿਰ ਵੇਖ ਮੈਂ ਬੱਸ ਕਿਵੇਂ ਪਹੁੰਚਾਉਂਦਾ ਹਾਂ। ਇਸ ਤੋਂ ਬਾਅਦ ਜਿਵੇਂ ਹੀ ਡਰਾਈਵਰ ਬੱਸ ਸਟੈਂਡ ਤੋਂ ਬਾਹਰ ਨਿਕਲਿਆ ਤਾਂ ਉਸ ਨੇ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਬੱਸ ਚਲਾਉਣੀ ਸ਼ੁਰੂ ਕਰ ਦਿੱਤੀ।
ਸੜਕ ਦੀ ਮਾੜੀ ਹਾਲਤ ਅਤੇ ਰਸਤੇ ਵਿੱਚ ਤੇਜ਼ ਰਫ਼ਤਾਰ ਕਾਰਨ ਸਵਾਰੀਆਂ ਨੇ ਡਰਾਈਵਰ ਅਤੇ ਕੰਡਕਟਰ ਨੂੰ ਬੱਸ ਇੰਨੀ ਤੇਜ਼ ਨਾ ਚਲਾਉਣ ਲਈ ਕਿਹਾ। ਇਸ ‘ਤੇ ਉਨ੍ਹਾਂ ਕਿਹਾ ਕਿ ਸਾਡੇ ਕੋਲ ਸਮਾਂ ਨਹੀਂ ਹੈ। ਤੁਸੀਂ ਚੁੱਪਚਾਪ ਬੈਠੋ। ਇਸ ਦੌਰਾਨ ਜਦੋਂ ਬੱਸ ਝਬੇਲਵਾਲੀ ਨਹਿਰ ਦੇ ਨਜ਼ਦੀਕ ਪੁਲ ‘ਤੇ ਪੁੱਜੀ ਤਾਂ ਡਰਾਈਵਰ ਖੁਸ਼ਪਿੰਦਰ ਸਿੰਘ ਦੇ ਕਾਬੂ ਤੋਂ ਬਾਹਰ ਹੋ ਗਈ ਅਤੇ ਸਰਹੰਦ ਫੀਡਰ ਨਹਿਰ ਦੀ ਰੇਲਿੰਗ ਤੋੜ ਕੇ ਨਹਿਰ ‘ਚ ਜਾ ਡਿੱਗੀ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਬੈਂਕ ਲੁੱ.ਟਣ ਦੀ ਕੋਸ਼ਿਸ਼, ਲੁਟੇਰਿਆਂ ਨੇ ASI ਨੂੰ ਮਾ.ਰੀ ਗੋ.ਲੀ, ਪੁਲਿਸ ਅਲਰਟ
ਬੱਸ ਦਾ ਅਗਲਾ ਹਿੱਸਾ ਪਾਣੀ ਵਿੱਚ ਡੁੱਬ ਗਿਆ। ਜਦਕਿ ਬੱਸ ਦੇ ਸ਼ੀਸ਼ੇ ਟੁੱਟਣ ਕਾਰਨ ਕੁਝ ਸਵਾਰੀਆਂ ਪਾਣੀ ਵਿੱਚ ਰੁੜ੍ਹ ਗਈਆਂ। 8 ਲੋਕਾਂ ਦੀ ਮੌਤ ਹੋ ਗਈ। ਕੁਝ ਸਵਾਰੀਆਂ ਨੂੰ ਰਾਹਗੀਰਾਂ ਨੇ ਬੱਸ ਵਿੱਚੋਂ ਬਾਹਰ ਕੱਢਿਆ। ਇਸ ਘਟਨਾ ਵਿੱਚ ਉਸ ਦੀ ਭੈਣ ਪ੍ਰੀਤਮ ਕੌਰ ਉਰਫ਼ ਪ੍ਰੀਤੋ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।
ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਡਰਾਈਵਰ ਖੁਸ਼ਪਿੰਦਰ ਸਿੰਘ ਅਤੇ ਕੰਡਕਟਰ ਹਰਜੀਤ ਸਿੰਘ ਖਿਲਾਫ ਧਾਰਾ 304, 279, 337, 427 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish