ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ‘ਆਪ’ ਪਾਰਟੀ ਤੇ ਕਾਂਗਰਸ ਮਿਲ ਕੇ ਇਹ ਚੋਣਾਂ ਲੜਨਗੀਆਂ। ਚੋਣਾਂ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਲਗਭਗ ਪੂਰਾ ਸਮਝੌਤਾ ਹੋ ਗਿਆ ਹੈ। ਸਮਝੌਤੇ ਮੁਤਾਬਕ ਮੇਅਰ ਦੀ ਸੀਟ ‘ਆਪ’ ਪਾਰਟੀ ਕੋਲ ਹੋਵੇਗੀ ਅਤੇ ਸੀਨੀਅਰ ਮੇਅਰ ਤੇ ਡਿਪਟੀ ਮੇਅਰ ਦੀਆਂ ਸੀਟਾਂ ਕਾਂਗਰਸ ਕੋਲ ਰਹਿਣਗੀਆਂ। ਇਹ ਜਾਣਕਾਰੀ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਦਿੱਤੀ। ਉਨ੍ਹਾਂ ਕਿਹਾ ਹੈ ਕਿ ਕੁਝ ਸਮੇਂ ਵਿਚ ਇਸ ਨੂੰ ਅਧਿਕਾਰਤ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਇੱਕ-ਦੂਜੇ ਦਾ ਸਮਰਥਨ ਕਰਨਗੀਆਂ। ਅਜੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ, ਉਹ ਬਾਅਦ ਦਾ ਵਿਸ਼ਾ ਹੈ। ਉਸ ‘ਤੇ ਪਾਰਟੀ ਹਾਈਕਮਾਨ ਕੋਈ ਫੈਸਲਾ ਲਵੇਗੀ।
ਦੱਸ ਦੇਈਏ ਕਿ ਮੇਅਰ ਦੀਆਂ ਇਹ ਚੋਣਾਂ 18 ਜਨਵਰੀ ਨੂੰ ਹੋ ਰਹੀਆਂ ਹਨ। ‘ਆਪ’ ਅਤੇ ਕਾਂਗਰਸ ਨੇ ਚੰਡੀਗੜ੍ਹ ‘ਚ ਮੇਅਰ ਚੋਣਾਂ ਲਈ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ ਕਿਉਂਕਿ ਪਾਰਟੀਆਂ ਆਪੋ-ਆਪਣੇ ਸੀਟਾਂ ਦੀ ਵੰਡ ਦੇ ਸਮੀਕਰਨ ਨੂੰ ਤੈਅ ਕਰਨ ‘ਚ ਅਸਫਲ ਰਹੀਆਂ ਸਨ।
ਅਸਲ ਵਿੱਚ ‘ਆਪ’ ਅਤੇ ਕਾਂਗਰਸ ਵਿੱਚ ਗੱਠਜੋੜ ਬੀਜੇਪੀ ਲਈ ਝਟਕਾ ਸਿੱਧ ਹੋਵੇਗਾ। ਆਮ ਆਦਮੀ ਪਾਰਟੀ ਕੋਲ 13 ਅਤੇ ਕਾਂਗਰਸ ਦੇ 7 ਕੌਂਸਲਰ ਹਨ। ਕੁੱਲ 20 ਵੋਟਾਂ ਪੈਣਗੀਆਂ। ਜਦੋਂਕਿ ਭਾਜਪਾ ਕੋਲ 14 ਕੌਂਸਲਰ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਰਹਿ ਜਾਣਗੀਆਂ। ਜੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕੌਂਸਲਰ ਦੀ ਵੋਟ ਵੀ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਜਾਂਦੀ ਹੈ ਤਾਂ ਵੀ ਉਹ ਜਿੱਤ ਦੇ ਜਾਦੂਈ ਅੰਕੜੇ ਨੂੰ ਛੂਹ ਨਹੀਂ ਸਕੇਗਾ।
ਇਹ ਵੀ ਪੜ੍ਹੋ : ‘ਰਾਮ ਮੰਦਰ ਬਣਨ ‘ਤੇ ਹੀ ਹੁਣ ਆਵਾਂਗਾ…’ 32 ਸਾਲ ਪਹਿਲਾਂ PM ਮੋਦੀ ਨੇ ਖਾਧੀ ਸੀ ਸਹੁੰ
ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਤੋਂ ਬਾਅਦ ਅੱਜ ਤੋਂ ਨਾਮਜ਼ਦਗੀਆਂ ਵਾਪਸ ਲੈਣ ਦਾ ਦੌਰ ਸ਼ੁਰੂ ਹੋ ਜਾਵੇਗਾ ਕਿਉਂਕਿ ਦੋਵਾਂ ਪਾਰਟੀਆਂ ਨੇ ਤਿੰਨਾਂ ਅਹੁਦਿਆਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅਜਿਹੇ ਵਿੱਚ ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੇ ਕੁਲਦੀਪ ਟੀਟਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਗੁਰਪ੍ਰੀਤ ਸਿੰਘ ਗੈਵੀ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਨਿਰਮਲਾ ਦੇਵੀ ਦੀ ਨਾਮਜ਼ਦਗੀ ਰਹੇਗੀ। ਦੋਵਾਂ ਪਾਰਟੀਆਂ ਦੇ ਹੋਰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣੇ ਸ਼ੁਰੂ ਕਰ ਦੇਣਗੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”