ਮੁਕਤਸਰ ਸਾਹਿਬ ‘ਚ ਵਕੀਲ ‘ਤੇ ਕੁੱਟਮਾਰ ਦੇ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। SP ਸਣੇ 2 ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤਿੰਨੋਂ ਐੱਸ.ਪੀ. ਰਮਨਦੀਪ ਭੁੱਲਰ, ਰਮਨ ਕੁਮਾਰ ਕੰਬੋਜ ਸੀ.ਆਈ.ਏ. ਇੰਚਾਰਜ ਅਤੇ ਕਾਂਸਟੇਬਲ ਹਰਬੰਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਐਸ.ਐਸ.ਪੀ. ਅਤੇ ਡੀ.ਆਈ.ਜੀ. ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਲੁਧਿਆਣਾ ਦੇ ਸੀ.ਪੀ ਨੂੰ ਐਸ.ਆਈ.ਟੀ ਦਾ ਇੰਚਾਰਜ ਬਣਾਇਆ ਗਿਆ ਹੈ। ਮਾਨੀਟਰਿੰਗ ਏਡੀਜੀਪੀ ਇੰਟੈਲੀਜੈਂਸ ਮਿ. ਜਸਕਰਨ ਨੂੰ ਸੌਂਪੀ ਗਈ ਹੈ। ਅੱਜ ਹੀ ਬਾਰ ਕੌਂਸਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਪੰਜਾਬ ਹਰਿਆਣਾ ਬਾਰ ਐਸੋਸੀਏਸ਼ਨ ਦੇ ਨੇਤਾ ਢਿੱਲੋਂ ਤੇ ਹੋਰ ਬਾਰ ਕੌਂਸਲ ਦੇ ਅਫਸਰਾਂ ਨੇ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਗੱਲ ਰਖੀ।
ਇਸ ਦੌਰਾਨ ਮੁੱਖ ਮੰਤਰੀ ਨੇ ਬਾਰ ਐਸੋਸੀਏਸ਼ਨ ਨੂੰ ਭਰੋਸਾ ਦਿੰਦੇ ਹੋਇਆ ਕਿਹਾ ਕਿ ਮਾੜੇ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਏਗਾ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਕਤ ਮਾਮਲੇ ਵਿੱਚ ਐੱਸ. ਐੱਸ. ਪੀ. ਨੇ ਸੀ.ਆਈ. ਇੰਚਾਰਜ ਇੰਸਪੈਕਟਰ ਰਮਨ ਕੁਮਾਰ ਕੰਬੋਜ ਤੇ ਸੀਨੀਅਰ ਕਾਂਸਟੇਬਲ ਹਰਬੰਸ ਸਿੰਘ ਨੂੰ ਸਸਪੈਂਡ ਕਰ ਦਿੱਤਾ ਸੀ।
ਦੱਸ ਦੇਈਏ ਕਿ ਵਕੀਲ ਵਰਿੰਦਰ ਸਿੰਘ ਨੇ ਸਥਾਨਕ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਸੀ ਕਿ ਸੀਆਈਏ ਸਟਾਫ਼ ਦੇ ਇੰਚਾਰਜ ਰਮਨ ਕੁਮਾਰ ਕੰਬੋਜ ਨੇ ਉਸ ਨੂੰ ਅਤੇ ਉਸ ਦੇ ਸਾਥੀ ਸ਼ਲਿੰਦਰਜੀਤ ਸਿੰਘ ਨੂੰ ਥਾਣਾ ਸਦਰ ਮੁਕਤਸਰ ਵਿੱਚ ਲਿਆਂਦਾ ਅਤੇ ਉਸ ਨਾਲ ਅਣਮਨੁੱਖੀ ਵਿਵਹਾਰ ਕੀਤਾ। ਇੰਨਾ ਹੀ ਨਹੀਂ ਇਸ ਸਭ ਦੀ ਵੀਡੀਓਗ੍ਰਾਫੀ ਕਰਦੇ ਹੋਏ ਉਸ ਨੂੰ ਧਮਕੀ ਵੀ ਦਿੱਤੀ ਗਈ ਕਿ ਜੇ ਉਸ ਨੇ ਬਾਹਰ ਜਾ ਕੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਸ ਦੀ ਵੀਡੀਓ ਲੀਕ ਕਰਕੇ ਵਾਇਰਲ ਕਰ ਦਿੱਤੀ ਜਾਵੇਗੀ।
ਉਸ ਨੇ ਕਥਿਤ ਤੌਰ ‘ਤੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਉਥੇ ਨਸ਼ੀਲੇ ਪਦਾਰਥ ਦਿੱਤੇ ਗਏ ਸਨ ਅਤੇ ਬਾਅਦ ਵਿਚ ਉਸ ਵਿਰੁੱਧ ਆਈਪੀਸੀ ਦੀ ਧਾਰਾ 186,353 ਅਤੇ ਐਨਡੀਪੀਸੀ ਦੀ ਧਾਰਾ 27 ਤਹਿਤ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜਦੋਂ ਇਸ ਮਾਮਲੇ ਸਬੰਧੀ ਸ਼ਿਕਾਇਤ ਸੀਜੀਐਮ ਅਦਾਲਤ ਵਿੱਚ ਕੀਤੀ ਗਈ ਤਾਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਨੇ 22 ਸਤੰਬਰ ਨੂੰ ਮੁਲਜ਼ਮ ਪਾਏ ਜਾਣ ’ਤੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ।
ਇਹ ਵੀ ਪੜ੍ਹੋ : ਮੇਜਰ ਤੇ ਪਤਨੀ ਨੇ ਨਾਬਾਲਗਾ ਨਾਲ ਕੀਤਾ ਕਸਾਈਆਂ ਵਰਗਾ ਸਲੂਕ! ਘਰਦਿਆਂ ਤੋਂ ਪਛਾਣਨੀ ਵੀ ਹੋਈ ਔਖੀ
ਪੁਲਿਸ ਮਾਮਲਾ ਦਰਜ ਕਰਨ ਤੋਂ ਟਾਲਮਟੋਲ ਕਰ ਰਹੀ ਸੀ, ਜਿਸ ਕਾਰਨ ਸੋਮਵਾਰ ਨੂੰ ਇਸ ਮਾਮਲੇ ਵਿੱਚ ਵਕੀਲਾਂ ਨੇ ਮੰਗਲਵਾਰ ਤੋਂ ਹੜਤਾਲ ਦਾ ਐਲਾਨ ਕਰ ਦਿੱਤਾ ਅਤੇ ਆਖਿਰਕਾਰ ਪੁਲਿਸ ਨੂੰ ਮਾਮਲਾ ਦਰਜ ਕਰਨਾ ਪਿਆ। ਪੁਲਿਸ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 377,342,323,149 ਅਤੇ 506 ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਐਸਪੀ ਅਤੇ ਇੰਸਪੈਕਟਰ ਤੋਂ ਇਲਾਵਾ ਸੀਨੀਅਰ ਕਾਂਸਟੇਬਲ ਹਰਬੰਸ ਸਿੰਘ, ਸੀਨੀਅਰ ਕਾਂਸਟੇਬਲ ਭੁਪਿੰਦਰ ਸਿੰਘ, ਕਾਂਸਟੇਬਲ ਗੁਰਪ੍ਰੀਤ ਸਿੰਘ, ਪੀਐਚਜੀ ਦਾਰਾ ਸਿੰਘ ਦੇ ਨਾਮ ਦਰਜ ਹਨ। ਇਹ ਸਾਰੇ ਸੀਆਈਏ ਸਟਾਫ ਵਿੱਚ ਤਾਇਨਾਤ ਹਨ।
ਵੀਡੀਓ ਲਈ ਕਲਿੱਕ ਕਰੋ -: