ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਤੋਂ ਪੰਜਾਬ ਅਤੇ ਚੰਡੀਗੜ੍ਹ ਆਉਣ ਜਾਣ ਵਾਲੇ ਰਸਤੇ ਖੁੱਲ੍ਹ ਗਏ ਹਨ। ਸੜਕ ਤੋਂ ਵੱਡੇ-ਵੱਡੇ ਪੱਥਰ ਤੇ ਬੈਰੀਕੇਡ ਚੁੱਕ ਦਿੱਤੇ ਗਏ ਹਨ।
ਕਿਸਾਨਾਂ ਦੇ ਦਿੱਲੀ ਕੂਚ 29 ਫਰਵਰੀ ਤੱਕ ਜਾਣ ਦੇ ਬਾਅਦ ਪ੍ਰਸ਼ਾਸਨ ਵੱਲੋਂ ਬੈਰੀਕੇਡਿੰਗ ਹਟਾਉਣੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇਅ 44 ਖੋਲ੍ਹ ਦਿੱਤਾ ਗਿਆ ਹੈ। ਇਸ ਤਰ੍ਹਾਂ ਹੁਣ ਪੰਚਕੂਲਾ, ਚੰਡੀਗੜ੍ਹ, ਅੰਬਾਲਾ ਤੋਂ ਦਿੱਲੀ ਵੱਲ ਜਾਣ ਵਾਲੇ ਲੋਕ ਕੁਰੂਕਸ਼ੇਤਰ ਕਰਨਾਲ ਤੋਂ ਦਿੱਲੀ ਜਾ ਸਕਦੇ ਹਨ ਤੇ ਦਿੱਲੀ ਕਰਨਾਲ ਤੋਂ ਚੰਡੀਗੜ੍ਹ ਪੰਚਕੂਲਾ ਜਾਣ ਵਾਲੇ ਲੋਕ ਕੁਰੂਕਸ਼ੇਤਰ ਸ਼ਾਹਬਾਦ, ਸਾਹਾ ਤੋਂ ਜਾ ਸਕਦੇ ਹਨ। ਇਸ ਤੋਂ ਪਹਿਲਾਂ ਪੁਲਿਸ ਫਤਿਆਬਾਦ ਵਿਚ ਵੀ ਪੰਜਾਬ ਬਾਰਡਰ ਨਾਲ ਲੱਗਦੀ ਰੋਡ ਤੋਂ ਬੈਰੀਕੇਡਿੰਗ ਹਟਾ ਚੁੱਕੀ ਹੈ। ਹਰਿਆਣਾ-ਦਿੱਲੀ ਦੇ ਬਾਰਡਰ ਸਿੰਘੂ ਤੇ ਟਿਕਰੀ ਨੂੰ ਵੀ ਅਸਥਾਈ ਤੌਰ ‘ਤੇ ਖੋਲ੍ਹਿਆ ਜਾ ਚੁੱਕਾ ਹੈ।
ਦੱਸ ਦੇਈਏ ਕਿ ਕਿਸਾਨੀ ਮੋਰਚੇ ਕਰਕੇ ਰਸਤੇ ਬੰਦ ਗਏ ਸਨ। 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਬੈਰੀਕੇਡ ਲਗਾਏ ਗਏ ਸਨ। ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਬੈਰੀਕੇਡਾਂ ਨੂੰ ਹਟਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਹੀ ਕੁਰੂਕਸ਼ੇਤਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਤੇ ਹਰਿਆਣਾ ਨਾਲ ਲੱਗਦੀ ਕੁਰੂਕਸ਼ੇਤਰ ਦੇ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਰਾਸ਼ਟਰੀ ਰਾਜਮਾਰਗ 44 ‘ਤੇ ਸ਼ਾਹਾਬਾਦ ਕੋਲ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰੀ ਬੈਰੀਕੇਡਿੰਗ ਕੀਤੀ ਗਈ ਸੀ ਤਾਂ ਕਿ ਜੇਕਰ ਕਿਸਾਨ ਪੰਜਾਬ ਤੇ ਹਰਿਆਣਾ ਦੇ ਬਾਰਡਰ ਨੂੰ ਤੋੜ ਕੇ ਇਸ ਸਾਈਡ ਤੋਂ ਆਉਂਦੇ ਹਨ ਤਾਂ ਉਨ੍ਹਾਂ ਨੂੰ ਸ਼ਾਹਾਬਾਦ ਵਿਚ ਇਥੇ ਰੋਕਿਆ ਜਾਵੇ। ਪ੍ਰਸਾਸਨ ਵੱਲੋਂ ਅੱਜ ਰਾਸ਼ਟਰੀ ਰਾਜਮਾਰਗ 44 ‘ਤੇ ਸਰਵਿਸ ਲੇਨ ‘ਤੇ ਕੀਤੀ ਗਈ ਬੈਰੀਕੇਡਿੰਗ ਨੂੰ ਖੋਲ੍ਹ ਦਿੱਤਾ ਗਿਆ ਹੈ।