ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਰਾਤ 9.30 ਵਜੇ ਕੈਦੀਆਂ ਨੂੰ ਗੇਟ ਤੋਂ ਅੰਦਰ ਲਿਜਾਂਦੇ ਸਮੇਂ ਹੰਗਾਮਾ ਹੋ ਗਿਆ। ਪੇਸ਼ੀ ਤੋਂ ਵਾਪਿਸ ਆਏ ਪੰਜ ਕੈਦੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਨਸ਼ੇ ਵਿੱਚ ਧੁੱਤ ਵੇਖ ਕੇ ਸਿਵਲ ਹਸਪਤਾਲ ਮੈਡੀਕਲ ਕਰਵਾਉਣ ਭੇਜਿਆ। ਹਸਪਤਾਲ ਵਿੱਚ ਪਹੁੰਚੇ ਵਿਚਾਰਅਧੀਨ ਹਵਾਲਾਤੀਆਂ ਬੰਦੀਆਂ ਨੇ ਖੂਬ ਹੰਗਾਮਾ ਕੀਤਾ ਅਤੇ ਮੀਡੀਆ ਦੇ ਸਾਹਮਣੇ ਵੱਡੇ ਖੁਲਾਸੇ ਕੀਤੇ। ਕੈਦੀਆਂ ਨੇ ਪੁਲਿਸ ‘ਤੇ ਪੇਸ਼ੀ ਦੌਰਾਨ ਪੈਸੇ ਲੈ ਕੇ ਸ਼ਰਾਬ ਪਿਲਾਉਣ ਦੇ ਗੰਬੀਰ ਦੋਸ਼ ਲਾਏ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੈਂਗਸਟਰ ਸਾਹਿਲ ਕੰਡਾ ਨੇ ਦੱਸਿਆ ਕਿ ਉਸ ਖਿਲਾਫ 8 ਤੋਂ 9 ਮਾਮਲੇ ਦਰਜ ਹਨ। ਉਹ ਹੈਬੋਵਾਲ ਦਾ ਰਹਿਣ ਵਾਲਾ ਹੈ। ਉਸ ਦੇ ਹੋਰ ਸਾਥੀਆਂ ‘ਤੇ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਅੱਜ ਉਹ ਆਪਣੇ ਚਾਰ ਹੋਰ ਦੋਸਤਾਂ ਨਾਲ ਕਿਸੇ ਕੇਸ ਦੀ ਸੁਣਵਾਈ ਲਈ ਗਿਆ ਹੋਇਆ ਸੀ। ਪੇਸ਼ੀ ਤੋਂ ਬਾਅਦ ਉਸ ਨੇ 15 ਹਜ਼ਾਰ ਰੁਪਏ ਪੁਲਿਸ ਮੁਲਾਜ਼ਮਾਂ ਨੂੰ ਦਿੱਤੇ, ਜਿਨ੍ਹਾਂ ਨੇ ਉਸ ਨੂੰ ਸ਼ਰਾਬ ਪਿਲਾਈ।
ਸਾਹਿਲ ਮੁਤਾਬਕ ਜਦੋਂ ਉਹ ਵਾਪਸ ਜੇਲ੍ਹ ਜਾਣ ਲੱਗਾ ਤਾਂ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਰੋਕ ਲਿਆ ਅਤੇ ਸ਼ਰਾਬ ਦਾ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ। ਸਾਹਿਲ ਨੇ ਦੱਸਿਆ ਕਿ ਅਕਸਰ ਜਦੋਂ ਉਹ ਅਦਾਲਤ ਵਿੱਚ ਜਾਂਦਾ ਹੈ ਤਾਂ ਪੁਲਿਸ ਮੁਲਾਜ਼ਮਾਂ ਨੂੰ ਪੈਸੇ ਦਿੰਦਾ ਹੈ ਅਤੇ ਸ਼ਰਾਬ ਆਦਿ ਪੀਂਦਾ ਹੈ। ਅੱਜ ਜੇਲ੍ਹ ਪ੍ਰਸ਼ਾਸਨ ਨੂੰ ਸ਼ੱਕ ਹੋ ਗਿਆ ਜਿਸ ਕਾਰਨ ਉਸ ਨੂੰ ਫੜ ਲਿਆ ਗਿਆ।
ਸਾਹਿਲ ਕੰਡਾ ਨੇ ਕਿਹਾ ਕਿ ਜੇਕਰ ਕੋਈ ਕੈਦੀ ਕੇਂਦਰੀ ਜੇਲ੍ਹ ਵਿੱਚ ਮੋਬਾਈਲ ਲੈਣਾ ਚਾਹੁੰਦਾ ਹੈ ਤਾਂ ਉਹ 55 ਹਜ਼ਾਰ ਰੁਪਏ ਵਿੱਚ ਆਸਾਨੀ ਨਾਲ ਟੱਚ ਮੋਬਾਈਲ ਮਿਲ ਸਕਦਾ ਹੈ। ਸਾਹਿਲ ਨੇ ਇੱਕ ਡਿਪਟੀ ਸੁਪਰਡੈਂਟ ‘ਤੇ ਮੋਬਾਈਲ ਵਪਾਰ ਦੇ ਗੰਭੀਰ ਦੋਸ਼ ਲਾਏ ਹਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਵੀ ਸ਼ੱਕ ਦੇ ਘੇਰੇ ਵਿੱਚ ਆ ਰਹੇ ਹਨ।
ਇਹ ਵੀ ਪੜ੍ਹੋ : ਫਗਵਾੜਾ ਦੀ ਧੀ ਦੀਪਸ਼ਿਖਾ ਸਪੇਨ ‘ਚ ਬਣੀ ਪਾਇਲਟ, ਘਰ ਪਰਤਣ ‘ਤੇ ਰਿਸ਼ਤੇਦਾਰਾਂ ਨੇ ਕੀਤਾ ਨਿੱਘਾ ਸਵਾਗਤ
ਸਾਹਿਲ ਕੰਡਾ ਨੇ ਦੱਸਿਆ ਕਿ ਅਦਾਲਤ ਵਿੱਚ ਜਾਣ ਵੇਲੇ ਉਸ ਕੋਲ ਕੋਈ ਪੈਸਾ ਨਹੀਂ ਹੁੰਦਾ ਪਰ ਉਹ ਕਿਸੇ ਨਾ ਕਿਸੇ ਜਾਣ-ਪਛਾਣ ਵਾਲੇ ਤੋਂ ਪੁਲਿਸ ਮੁਲਾਜ਼ਮਾਂ ਨੂੰ ਪੈਸੇ ਦੇ ਦਿੰਦਾ ਹੈ। ਕਈ ਵਾਰ ਕਈ ਪੁਲਿਸ ਮੁਲਾਜ਼ਮਾਂ ਨੂੰ ਡਿਜੀਟਲ ਪੇਮੈਂਟ ਵੀ ਕੀਤੀ ਗਈ ਹੈ। ਸਾਹਿਲ ਨੇ ਕਿਹਾ ਕਿ ਅਗਲੀ ਵਾਰ ਜਦੋਂ ਉਹ ਪੇਸ਼ੀ ਲਈ ਜਾਵੇਗਾ ਤਾਂ ਜੇ ਕੋਈ ਪੁਲਿਸ ਮੁਲਾਜ਼ਮ ਉਸ ਤੋਂ ਪੈਸੇ ਲੈ ਕੇ ਉਸ ਨੂੰ ਸ਼ਰਾਬ ਪਿਲਾਉਂਦਾ ਹੈ ਤਾਂ ਉਹ ਜ਼ਰੂਰ ਸ਼ਰਾਬ ਪੀ ਕੇ ਵਾਪਸ ਆਏੇਗਾ।
ਵਿਚਾਰ ਅਧੀਨ ਕੈਦੀਆਂ ਦੀ ਪਛਾਣ ਜਤਿਨ ਮੋਂਗਾ, ਸਾਹਿਲ ਕੰਡਾ, ਦੀਪੂ ਕੁਮਾਰ, ਵਿਸ਼ਾਲ ਗਿੱਲ ਅਤੇ ਮਨਪ੍ਰੀਤ ਪਾਲ ਵਜੋਂ ਹੋਈ ਹੈ, ਜਿਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਹੈ। ਕੈਦੀਆਂ ਨੇ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਵੀ ਕੀਤੀ। ਮੈਡੀਕਲ ਤੋਂ ਬਾਅਦ ਖੂਨ ਦੇ ਨਮੂਨੇ ਲੈ ਕੇ ਲੈਬ ਵਿੱਚ ਭੇਜੇ ਗਏ ਅਤੇ ਵਿਚਾਰ ਅਧੀਨ ਕੈਦੀਆਂ ਨੂੰ ਵਾਪਸ ਕੇਂਦਰੀ ਜੇਲ੍ਹ ਲਿਜਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ : –