Air India headquarters: ਨਵੀਂ ਦਿੱਲੀ: ਏਅਰ ਇੰਡੀਆ ਦੇ ਇੱਕ ਕਰਮਚਾਰੀ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਏਅਰਲਾਈਨ ਦੇ ਦਿੱਲੀ ਵਿੱਚ ਸਥਿਤ ਹੈੱਡ ਕੁਆਰਟਰ ਨੂੰ 2 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਇਮਾਰਤ ਨੂੰ ਇਨਫੈਕਸ਼ਨ ਮੁਕਤ ਕਰਨ ਦਾ ਕੰਮ ਹੋ ਸਕੇ । ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਏਅਰਲਾਈਨ ਦਫ਼ਤਰ ਨੂੰ ਮੰਗਲਵਾਰ ਅਤੇ ਬੁੱਧਵਾਰ ਦੋ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏਅਰ ਇੰਡੀਆ ਦੇ ਪੰਜ ਪਾਇਲਟ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਹਾਲਾਂਕਿ, ਦੂਜੀ ਰਿਪੋਰਟ ਵਿੱਚ ਇਹ ਸਾਰੇ ਪਾਇਲਟ ਕੋਰੋਨਾ ਨੈਗੇਟਿਵ ਪਾਏ ਗਏ ਸਨ । ਦਰਅਸਲ, ਏਅਰ ਇੰਡੀਆ ਦੇ ਪੰਜ ਪਾਇਲਟ ਅਜਿਹੇ ਸਮੇਂ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ, ਜਦੋਂ ਵਿਦੇਸ਼ਾਂ ਵਿੱਚ ਫਸੇ ਲੋਕਾਂ ਨੂੰ ਲਿਆਉਣ ਲਈ ਮਹੱਤਵਪੂਰਨ ਵੰਦੇ ਭਾਰਤ ਮਿਸ਼ਨ ਚਲਾਇਆ ਜਾ ਰਿਹਾ ਹੈ ।
ਇਸ ਤੋਂ ਇਲਾਵਾ ਏਅਰ ਇੰਡੀਆ ਦੇ ਪਾਇਲਟ ਕੋਰੋਨਾ ਲਾਕਡਾਊਨ ਦੌਰਾਨ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਲੋੜੀਂਦੀਆਂ ਚੀਜ਼ਾਂ ਅਤੇ ਦਵਾਈਆਂ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ ।ਜ਼ਿਕਰਯੋਗ ਹੈ ਕਿ ਵੰਡੇ ਭਾਰਤ ਮਿਸ਼ਨ ਨਾਮ ਦੀ ਮੁਹਿੰਮ ਦੇ ਅਧੀਨ ਏਅਰਲਾਈਨ 7 ਮਈ ਤੋਂ 14 ਮਈ ਦਰਮਿਆਨ 12 ਦੇਸ਼ਾਂ ਵਿੱਚ ਫਸੇ 15 ਹਜ਼ਾਰ ਭਾਰਤੀ ਨਾਗਰਿਕਾਂ ਨੂੰ ਵਾਪਸ ਦੇਸ਼ ਲਿਆ ਰਹੀ ਹੈ ਤੇ ਦੇਸ਼ ਦੇ 14 ਸ਼ਹਿਰਾਂ ਵਿੱਚ 64 ਉਡਾਣਾਂ ਲੈਂਡ ਕਰਨਗੀਆਂ ।।