ਚੰਡੀਗੜ੍ਹ :- ਪਟਿਆਲਾ ਜੇਲ੍ਹ ਅੰਦਰ ਫਾਂਸੀ ਕੋਠੜੀ ਵਿੱਚ ਬੰਦ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਲਈ ਸ਼੍ਰੋਮਣੀ ਅਕਾਲੀ ਦਲ ਨੇ ADGP ਜੇਲ੍ਹਾਂ ਪੰਜਾਬ ਕੋਲੋਂ ਦੋ ਮੈਂਬਰੀ ਵਫਦ ਸ.ਬਿਕਰਮ ਸਿੰਘ ਮਜੀਠੀਆ ਅਤੇ ਸ.ਵਿਰਸਾ ਸਿੰਘ ਵਲਟੋਹਾ ਲਈ 5 ਦਸੰਬਰ ਤੋਂ ਪਹਿਲਾਂ ਪਹਿਲਾਂ ਮੁਲਾਕਾਤ ਲਈ ਸਮਾਂ ਮੰਗਿਆ ਸੀ। ADGP ਜੇਲ੍ਹਾਂ ਵੱਲੋਂ ਦਿੱਤੀ ਮਨਜ਼ੂਰੀ ਮੁਤਾਬਕ ਅਕਾਲੀ ਦਲ ਦਾ ਵਫਦ 4 ਦਸੰਬਰ ਸੋਮਵਾਰ ਨੂੰ ਜੇਲ ਅੰਦਰ ਭਾਈ ਰਾਜੋਆਣਾ ਨਾਲ ਮੁਲਾਕਾਤ ਕਰੇਗਾ।
ਮੁਲਾਕਾਤ ਦੌਰਾਨ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੀ ਅਪੀਲ ਸੰਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੋਈ ਫੈਸਲਾ ਨਾ ਲਏ ਜਾਣ ਕਰਕੇ ਪੈਦਾ ਹੋਏ ਹਾਲਾਤਾਂ ਅਤੇ ਇਸ ਸੰਬੰਧੀ ਅਕਾਲੀ ਦਲ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਭਾਈ ਰਾਜੋਆਣਾ ਦੀਆਂ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਨਾਂ ਨੂੰ ਅਪੀਲ ਕੀਤੀ ਕਿ ਉਹ ਭੁੱਖ ਹੜਤਾਲ ਵਰਗਾ ਕਦਮ ਨਾਂ ਚੁੱਕਣ।
ਇਹ ਵੀ ਪੜ੍ਹੋ : BSF ਨੇ ਪਾਕਿ ਤਸਕਰਾਂ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, ਡ੍ਰੋਨ ਤੇ 2 ਆਸਟ੍ਰੀਆ ਮੇਡ ਗਲਾਕ ਪਿਸ.ਤੌਲ ਕੀਤੇ ਜ਼ਬਤ
ਅਕਾਲੀ ਦਲ ਨੇ ਇਹ ਵੀ ਕਿਹਾ ਕਿ ਭਾਈ ਰਾਜੋਆਣਾ ਦਾ ਕੇਸ ਫ਼ਾਂਸੀ ਦੀ ਸਜ਼ਾ ਹੋਣ ਕਰਕੇ ਬਾਕੀ ਸਾਰੇ ਬੰਦੀ ਸਿੰਘਾਂ ਤੋਂ ਬਿਲਕੁੱਲ ਵੱਖਰਾ ਹੈ। ਅਕਤੂਬਰ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਅਵਤਾਰ ਗੁਰਪੁਰਬ ਮੌਕੇ ਅਕਾਲੀ ਦਲ ਦੇ ਅੰਦਰੂਨੀ ਤੋਰ ‘ਤੇ ਕੀਤੇ ਯਤਨਾਂ ਸਦਕਾ ਭਾਰਤ ਸਰਕਾਰ ਵੱਲੋਂ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਅੱਠ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਛੇਤੀ ਲਾਗੂ ਕਰਾਉਣ ਲਈ ਆਪਣਾ ਹਰ ਸੰਭਵ ਯਤਨ ਕਰੇਗਾ। ਉੱਕਤ ਜਾਣਕਾਰੀ ਸੰਬੰਧੀ ਬਿਆਨ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸ.ਵਿਰਸਾ ਸਿੰਘ ਵਲਟੋਹਾ ਨੇ ਜਾਰੀ ਕੀਤਾ।
ਵੀਡੀਓ ਲਈ ਕਲਿੱਕ ਕਰੋ : –