ਕੇਂਦਰ ਸਰਕਾਰ ਦੀ ਅਗਨੀਵੀਰ ਯੋਜਨਾ ‘ਤੇ ਇੱਕ ਵਾਰ ਫਿਰ ਸਵਾਲ ਉਠ ਰਹੇ ਹਨ। ਅਸਲ ਵਿੱਚ ਪੰਜਾਬ ਦੇ ਇੱਕ ਜਵਾਨ ਦੀ ਡਿਊਟੀ ਦੌਰਾਨ ਮੌਤ ਹੋਣ ਦੇ ਬਾਵਜੂਦ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਘਰ ਪ੍ਰਾਈਵੇਟ ਐਂਬੂਲੈਂਸ ਰਾਹੀਂ ਪਹੁੰਚਾਇਆ ਗਿਆ। ਫੌਜ ਨੇ ਉਸ ਨੂੰ ਸਲਾਮੀ ਵੀ ਨਹੀਂ ਦਿੱਤੀ।
ਇਸ ‘ਤੇ ਸਾਬਕਾ ਗਵਰਨਰ ਸੱਤਿਆਪਾਲ ਮਲਿਕ ਨੇ ਸਵਾਲ ਚੁੱਕਿਆ। ਉਨਹਾਂ ਕਿਹਾ ਕਿ ਅਗਨੀਵੀਰ ਬਣਾਏ ਹੀ ਇਸ ਲਈ ਗਏ ਹਨ, ਤਾਂਕਿ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਨਾ ਦਿੱਤਾ ਜਾਵੇ। ਦੂਜੇ ਪਾਸੇ ਕਿਸਾਨ ਨੇਤਾ ਨੇ ਵੀ ਪੁੱਛਿਆ ਕਿ ਅੰਮ੍ਰਿਤਪਾਲ ਨੂੰ ਅੰਤਿਮ ਵਿਦਾਈ ਵਿੱਚ ਕੋਈ ਸਨਮਾਨ ਨਹੀਂ ਮਿਲਿਆ, ਕੀ ਅਗਨੀਵੀਰ ਫੌਜੀ ਨਹੀਂ ਹਨ?
ਮਾਨਸਾ ਦੇ 19 ਸਾਲਾਂ ਜਵਾਨ ਅੰਮ੍ਰਿਤਪਾਲ ਸਿੰਘ ਦਾ ਬੁੱਧਵਾਰ ਨੂੰ ਜੰਮੂ-ਕਸ਼ਮੀਰ ਵਿੱਚ ਮੱਥੇ ਵਿੱਚ ਗੋਲੀ ਲੱਗਣ ਨਾਲ ਦਿਹਾਂਤ ਹੋ ਗਿਆ। ਸ਼ੁੱਕਰਵਾਰ ਨੂੰ ਉਸ ਦੀ ਮ੍ਰਿਤਕ ਦੇਹ ਜੱਦੀ ਪਿੰਡ ਕੋਟਲੀ ਕਲਾਂ ਲਿਆਈ ਗਈ। ਜਿਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਉਸ ਨੂੰ ਕਿਸੇ ਤਰ੍ਹਾਂ ਦਾ ਫੌਜੀ ਸਨਮਾਨ ਨਹੀਂ ਮਿਲਿਆ।
ਅੰਮ੍ਰਿਤਪਾਲ ਸਿੰਘ ਦੀ ਡਿਊਟੀ ਪੁੰਛ ਜ਼ਿਲ੍ਹੇ ਦੇ ਮੇਂਢਰ ਉਪਮੰਡਲ ਦੇ ਮਨਕੋਟ ਇਲਾਕੇ ਵਿੱਚ ਐੱਲ.ਓ.ਸੀ. ਕੋਲ ਸੀ। ਡਿਊਟੀ ਦੌਰਾਨ ਉਸ ਦੇ ਮੱਥੇ ‘ਤੇ ਗੋਲੀ ਲੱਗੀ। ਅੰਮ੍ਰਿਤਪਾਲ ਨੂੰ ਗੋਲੀ ਲੱਗਣ ਤੋਂ 2 ਦਿਨ ਪਹਿਲਾਂ ਹੀ ਫੌਜ ਨੇ 2 ਅੱਤਵਾਦੀਆਂ ਨੂੰ ਮਾਰਿਆ ਸੀ। ਸ਼ੁਰੂਆਤੀ ਜਾਂਚ ਵਿੱਚ ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੂੰ ਅੱਤਵਾਦੀਆਂ ਦੀ ਗੋਲੀ ਲੱਗੀ ਸੀ।
ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਫੌਜ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਨੇ ਖੁਦ ਨੂੰ ਗੋਲੀ ਮਾਰ ਲਈ ਸੀ। ਇਸੇ ਕਰਕੇ ਨਿਯਮ ਮੁਤਾਬਕ ਉਸ ਨੂੰ ਗਾਰਡ ਆਫ ਆਨਰ ਨਹੀਂ ਦਿੱਤਾ ਗਿਆ। ਜਦੋਂ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਪ੍ਰਾਈਵੇਟ ਐਂਬੂਲੈਂਸ ਛੱਡਣ ਆਈ ਤਾਂ ਪਰਿਵਾਰ ਨੇ ਉਨ੍ਹਾਂ ਤੋਂ ਪੁੱਛਿਆ ਕਿ ਅੰਮ੍ਰਿਤਪਾਲ ਨੂੰ ਕੋਈ ਫੌਜੀ ਸਨਮਾਨ ਨਹੀਂ ਮਿਲੇਗਾ? ਇਸ ‘ਤੇ ਉਨ੍ਹਾਂ ਦਾ ਕਹਿਣਾ ਸੀ ਕਿ ਅਗਨੀਵੀਰ ਸਕੀਮ ਤਹਿਤ ਭਰੀ ਫੌਜੀ ਨੂੰ ਸ਼ਹੀਦ ਦਾ ਦਰਜਾ ਨਹੀਂ ਹੈ, ਇਸ ਲਈ ਫੌਜੀ ਸਨਮਾਨ ਨਹੀਂ ਮਿਲੇਗਾ।
ਇਹ ਵੀ ਪੜ੍ਹੋ : ਭਾਰਤ ਦੀ ਪਾਕਿਸਤਾਨ ‘ਤੇ ਧਮਾਕੇਦਾਰ ਜਿੱਤ, PM ਮੋਦੀ ਨੇ ਟੀਮ ਇੰਡੀਆ ਨੂੰ ਦਿੱਤੀ ਵਧਾਈ
ਇਸ ਮਗਰੋਂ ਪਿੰਡ ਵਾਲਿਆਂ ਨਾਲ ਹੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਲਿਆਂਦਾ ਗਿਆ। ਪਿੰਡ ਵਾਲਿਆਂ ਨੇ SSP ਸਾਹਿਬ ਨਾਲ ਗੱਲ ਕੀਤੀ ਤਾਂ ਪੰਜਾਬ ਪੁਲਿਸ ਸ਼ਹੀਦ ਨੂੰ ਅੰਤਿਮ ਵਿਦਾਈ ਦੇਣ ਲਈ ਅੱਗੇ ਆਈਅਤੇ ਪੁਲਿਸ ਵਾਲਿਆਂ ਨੇ ਸਲਾਮੀ ਦਿਵਾਈ।