ਪਿੰਡ ਅਕਾਲਗੜ੍ਹ ਦੇ ਗੁਰਦੁਆਰਾ ਸਾਹਿਬ ਤੋਂ ਚੌਲਾ ਸਾਹਿਬ ਅਤੇ ਗੁਟਕਾ ਸਾਹਿਬ ਨੂੰ ਅਗਨ ਭੇਟ ਕਰਕੇ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਥਾਣਾ ਸਦਰ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਖ਼ਿਲਾਫ਼ ਆਈਪੀਸੀ ਦੀ ਧਾਰਾ 380,295ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਨੇ ਅਜਿਹਾ ਕਿਉਂ ਕੀਤਾ, ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਵੀਰ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਅਕਾਲਗੜ੍ਹ ਨੇ ਦੱਸਿਆ ਕਿ ਪਿੰਡ ਵਿੱਚ ਸੰਤ ਬਾਬਾ ਭਗਤਾ ਸਿੰਘ ਦੀ ਯਾਦਗਾਰ ਬਣੀ ਹੋਈ ਹੈ, ਜਿਸ ਵਿੱਚ ਬਾਬਾ ਜੀ ਦਾ ਚੌਲਾ ਅਤੇ ਖੜਾਵਾ (ਸੋਟੀ) ਬਿਰਾਜਮਾਨ ਹਨ। ਸ਼ੁੱਕਰਵਾਰ ਸਵੇਰੇ ਚਾਰ ਵਜੇ ਉਹ ਯਾਦਗਾਰੀ ਗੁਰਦੁਆਰਾ ਸਾਹਿਬ ਜੀ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਚਲਾ ਗਿਆ ਤਾਂ ਕੁਝ ਸਮੇਂ ਬਾਅਦ ਬਲਜੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਇਸੇ ਪਿੰਡ ਦਾ ਗੁਰਦੁਆਰਾ ਸਾਹਿਬ ਆਇਆ ਅਤੇ ਸੋਟੀ ਚੁੱਕ ਕੇ ਜਾਣ ਲੱਗਾ।
ਪਿੰਡ ਦੇ ਪਤਵੰਤਿਆਂ ਨੇ ਸਤਿਕਾਰ ਸਹਿਤ ਉਸ ਕੋਲੋਂ ਸੋਟੀ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਰੱਖ ਦਿੱਤੀ। ਫਿਰ ਅੰਦਰ ਜਾ ਕੇ ਦੇਖਿਆ ਕਿ ਚੌਲਾ ਸਾਹਿਬ ਉਥੇ ਨਹੀਂ ਸੀ। ਜਦੋਂ ਪਿੰਡ ਦੇ ਸਰਪੰਚ ਸ਼ਮਿੰਦਰ ਸਿੰਘ ਨੇ ਬਲਜੀਤ ਸਿੰਘ ਨੂੰ ਚੌਲਾ ਸਾਹਿਬ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਪਹਿਲਾਂ ਹੀ ਚੌਲਾ ਸਾਹਿਬ ਨੂੰ ਆਪਣੇ ਘਰ ਲੈ ਗਿਆ ਸੀ।
ਉਸ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦਾ ਸਾਰਾ ਸਮਾਨ ਅਤੇ ਚੌਲਾ ਸਾਹਿਬ ਨੂੰ ਅੱਗ ਲਗਾ ਦਿੱਤੀ ਹੈ। ਜਦੋਂ ਪਿੰਡ ਦੇ ਸਰਪੰਚ ਅਤੇ ਪਤਵੰਤੇ ਉਸ ਦੇ ਘਰ ਗਏ ਤਾਂ ਦੇਖਿਆ ਕਿ ਚੌਲਾ ਸਾਹਿਬ ਅਤੇ ਗੁਟਕਾ ਸਾਹਿਬ ਅਗਨ ਭੇਟ ਹੋ ਗਏ ਸਨ। ਇਸ ਦੇ ਨਾਲ ਹੀ ਘਰ ਦਾ ਸਾਰਾ ਸਮਾਨ ਵੀ ਸੜ ਗਿਆ। ਗੁਟਕਾ ਸਾਹਿਬ ਅੱਧਾ ਸੜਿਆ ਹੋਇਆ ਸੀ।
ਇਹ ਵੀ ਪੜ੍ਹੋ : PAK ‘ਚ 13 ਸਾਲਾਂ ਹਿੰਦੂ ਕੁੜੀ ਦਾ ਅਗਵਾ, ਘਰ ਪਰਤਦੀ ਰਾਹ ‘ਚੋਂ ਚੁੱਕੀ, ਮਾਂ ਦਾ ਰੋ-ਰੋ ਬੁਰਾ ਹਾਲ
ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਬਲਜੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਅਕਾਲਗੜ੍ਹ ਖ਼ਿਲਾਫ਼ ਬੇਅਦਬੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ।
ਵੀਡੀਓ ਲਈ ਕਲਿੱਕ ਕਰੋ -: