ASI beat up the dhaba : ਜਲਾਲਾਬਾਦ ’ਚ ਏਐਸਆਈ ਵੱਲੋਂ ਆਪਣੇ ਤਿੰਨ ਸਾਥੀਆਂ ਨਾਲ ਫਾਜ਼ਿਲਕਾ ਰੋਡ ਨੇੜੇ ਸਥਿਤ ਇਕ ਢਾਬੇ ’ਤੇ ਖਾਣਾ ਖਾ ਕੇ ਢਾਬੇ ਦੇ ਵੇਟਰ ਤੇ ਮਾਲਿਕ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਏਐਸਆਈ ਨੇ ਪੈਸੇ ਨਾ ਦੇਣ ਦੀ ਨੀਅਤ ਨਾਲ ਢਾਬੇ ਮਾਲਿਕ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਐਸਐਸਪੀ ਨੇ ਏਐਸਆਈ ਨੂੰ ਪੁਲਿਸ ਲਾਈਨ ਭੇਜ ਕੇ ਉਸ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੈਪਟੀ ਢਾਬੇ ਦੇ ਮਾਲਿਕ ਲੱਕੀ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕੰਮਕਾਜ ਨਿਪਟਾਉਣ ਤੋਂ ਬਾਅਦ ਆਪਣੇ ਲਈ ਖਾਣਾ ਤਿਆਰ ਕਰ ਰਹੇ ਸਨ ਕਿ ਰਾਤੀਂ ਸਾਢੇ ਗਿਆਰ੍ਹਾਂ ਵਜੇ ਨਸ਼ੇ ਦੀ ਹਾਲਤ ਵਿਚ ਏਐਸਆਈ ਸਤਪਾਲ ਅਤੇ ਉਸ ਦੇ ਤਿੰਨ ਸਾਥੀਆਂ ਨੇ ਢਾਬੇ ’ਤੇ ਆ ਕੇ ਖਾਣਾ ਮੰਗਿਆ। ਢਾਬਾ ਮਾਲਿਕ ਨੇ ਚਾਰੇ ਮੁਲਾਜ਼ਮਾਂ ਵਾਸਤੇ ਖਾਣਾ ਬਣਾ ਕੇ ਉਨ੍ਹਾਂ ਨੂੰ ਦਿੱਤਾ। ਖਾਣੇ ਤੋਂ ਬਾਅਦ ਪੈਸੇ ਨਾ ਦੇਣ ਦੀ ਨੀਅਤ ਨਾਲ ਏਐਸਆਈ ਸਤਪਾਲ ਨੇ ਰੋਟੀ ਦੇਣ ਅੰਦਰ ਗਏ ਵੇਟਰ ਨੂੰ ਥੱਪੜ ਮਾਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਮਾਰਨ ਦਾ ਕਾਰਨ ਪੁੱਛਿਆ ਤਾਂ ਏਐਸਆਈ ਨੇ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਸਾਰੀ ਵਾਰਦਾਤ ਢਾਬੇ ’ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਇਹ ਸਾਰੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਸ ਹੋ ਰਹੀ ਹੈ।
ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਥਾਣਾ ਸਿਟੀ ਇੰਚਾਰਜ ਅਮਰਿੰਦਰ ਸਿੰਘ ਭੰਡਾਰੀ ਸ਼ਨੀਵਾਰ ਨੂੰ ਲੱਕੀ ਦੇ ਭਾਡੇ ’ਤੇ ਆਏ ਪਰ ਉਨ੍ਹਾਂ ਨੇ ਬਿਆਨ ਨਹੀਂਲਿਖੇ ਅਤੇ ਇਹ ਕਹਿ ਕੇ ਚਲੇ ਗਏ ਕਿ ਕੋਈ ਗੱਲ ਨਹੀਂ ਏਐਸਆਈ ਤੋਂ ਗਲਤੀ ਹੋ ਗਈ ਹੈ। ਏਐਸਆਈ ਖਿਲਾਫ ਕੋਈ ਕਾਰਵਾਈ ਨਾ ਹੁੰਦੇ ਦੇਖ ਪੀੜਤ ਨੇ ਜਲਾਲਾਬਾਦ ਹਲਕੇ ਦੇ ਵਿਧਾਇਕ ਰਮਿੰਦਰ ਆਵਲਾ ਅੱਗੇ ਇਨਸਾਫ ਦੀ ਮੰਗ ਕੀਤੀ। ਉਥੇ ਹੀ ਥਾਣਾ ਸਦਰ ਇੰਚਾਰਜ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਏਐਸਆਈ ਸੱਤਪਾਲ ਪੁਲਿਸ ਲਾਈਨ ਫਾਜ਼ਿਲਕਾ ਤੋਂ ਬਦਲ ਕੇ ਥਾਣਾ ਸਦਰ ਲਗਾਇਆ ਹੈ, ਇਸ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਐਸਐਸਪੀ ਹਰਜੀਤ ਸਿੰਘ ਨੇ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਏਐਸਆਈ ਸਤਪਾਲ ਨੂੰ ਲਾਈਨ ਹਾਜ਼ਰ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਜਾਂਚ ਦੇ ਹੁਕਮ ਵੀ ਦਿੱਤੇ ਹਨ।