ASI cut off the challan : ਕਰਫਿਊ ਦੌਰਾਨ ਪੁਲਿਸ ਵਲੋਂ ਪੂਰੀ ਜਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ। ਕਲ ਸੋਮਵਾਰ ਨੂੰ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਗੱਡੀ ਦਾ ਚਾਲਾਨ ਪੁਲਿਸ ਨੇ ਕੱਟਿਆ। ਗੱਡੀ ਵਿਧਾਇਕ ਬਲਜਿੰਦਰ ਕੌਰ ਦੀ ਸੀ। ਜਦੋਂ ਪੁਲਿਸ ਨੇ ਚਾਲਾਨ ਕੱਟਿਆ ਤਾਂ ਉਸ ਸਮੇਂ ਵਿਧਾਇਕ ਤਾਂ ਗੱਡੀ ਵਿਚ ਨਹੀਂ ਸੀ ਪਰ ਉਸ ਦਾ ਭਰਾ ਉਦੇਵੀਰ ਸਿੰਘ ਗੱਡੀ ਨੂੰ ਲੈ ਕੇ ਬਾਜਾਰ ਵਿਚ ਘੁੰਮ ਰਿਹਾ ਸੀ।
ਜਾਣਕਾਰੀ ਦਿੰਦਿਆਂ ਪੁਲਿਸ ਨਾਕੇ ’ਤੇ ਤਾਇਨਾਤ ਏ. ਐੱਸ. ਆਈ. ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਨੇੜੇ ਨਾਕਾ ਲਗਾਇਆ ਹੋਇਆ ਸੀ। ਜਦੋਂ ਉਹ ਨਾਕੇ ’ਤੇ ਡਿਊਟੀ ਦੇ ਰਹੇ ਸਨ ਤਾਂ ਉਨ੍ਹਾਂ ਨੇ ਹੂਟਰ ਵਜਾਉਂਦੀ ਇਕ ਇਨੋਵਾ ਗੱਡੀ ਨੂੰ ਰੋਕਿਆ। ASI ਬਲਵੰਤ ਸਿੰਘ ਨੇ ਉਸ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਕਤ ਗੱਡੀ ਵਿਧਾਇਕ ਬਲਜਿੰਦਰ ਕੌਰ ਦੀ ਹੈ ਅਤੇ ਉਹ ਉਸ ਦਾ ਭਰਾ ਹੈ। ਏ. ਐੱਸ. ਆਈ. ਨੇ ਕਿਹਾ ਕਿ ਜਦੋਂ ਮੈਂ ਉਸ ਤੋਂ ਗੱਡੀ ਦੇ ਦਸਤਾਵੇਜ਼ ਮੰਗੇ ਤਾਂ ਉਸ ਕੋਲ ਗੱਡੀ ਦੇ ਕਾਗਜ਼ ਪੂਰੇ ਨਹੀਂ ਸਨ। ਇਸ ’ਤੇ ਪੁਲਿਸ ਨੇ ਹੂਟਰ ਵਜਾਉਣ ਤੇ ਗੱਡੀ ਦੇ ਕਾਗਜਾਤ ਪੂਰੇ ਨਾ ਹੋਣ ਅਤੇ ਸੀਟ ਬੈਲਟ ਦਾ ਚਾਲਾਨ ਕੱਟ ਕੇ ਚਾਲਕ ਦੇ ਡਰਾਈਵਿੰਗ ਲਾਇਸੈਂਸ ਨੂੰ ਕਬਜੇ ਵਿਚ ਲੈ ਲਿਆ। ਏ. ਐੱਸ. ਆਈ. ਬਲਵੰਤ ਸਿੰਘ ਵਲੋਂ ਜਦੋਂ ਵਿਧਾਇਕ ਬਲਜਿੰਦਰ ਕੌਰ ਦੀ ਗੱਡੀ ਦਾ ਚਾਲਾਨ ਕੱਟਿਆ ਗਿਆ ਤਾਂ ਉਨ੍ਹਾਂ ਦਾ ਮੋਬਾਈਲ ਫੋਨ ’ਤੇ ਲਗਾਤਾਰ ਫੋਨ ਆਉਂਦਾ ਰਿਹਾ ਪਰ ਉਨ੍ਹਾਂ ਨੇ ਕਿਸੇ ਦੀ ਵੀ ਪ੍ਰਵਾਹ ਨਾ ਕੀਤੀ ਤੇ ਵਿਧਾਇਕ ਦੀ ਗੱਡੀ ਦਾ ਚਾਲਾਨ ਕੱਟ ਕੇ ਵਿਧਾਇਕ ਦੇ ਭਰਾ ਨੂੰ ਫੜ ਲਿਆ।