ਮੰਡੀ ਗੋਬਿੰਦਗੜ੍ਹ ‘ਚ ਦੋ ਦੋਸਤਾਂ ਨੇ 15 ਹਜ਼ਾਰ ਰੁਪਏ ਅਤੇ ਆਈਫੋਨ ਲਈ ਵਿਦਿਆਰਥੀ ਦਾ ਕਤਲ ਕਰ ਦਿੱਤਾ। ਮ੍ਰਿਤਕ ਵਿਦਿਆਰਥੀ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਮੰਡੀ ਗੋਬਿੰਦਗੜ੍ਹ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ। ਦੋਵਾਂ ਦੋਸਤਾਂ ਨੇ ਵਿਦਿਆਰਥੀ ਨੂੰ ਨਸ਼ੀਲੀ ਚੀਜ਼ ਪਿਲਾ ਕੇ ਨਹਿਰ ਵਿੱਚ ਸੁੱਟ ਦਿੱਤਾ। ਦੋਸ਼ੀ ਦੋਸਤਾਂ ਨੇ ਇੱਕ ਆਈਫੋਨ, ਇੱਕ ਮਹਿੰਗਾ ਸੈਮਸੰਗ ਮੋਬਾਈਲ ਅਤੇ ਕਰੀਬ 15,000 ਰੁਪਏ ਦੀ ਨਕਦੀ ਖੋਹਣ ਲਈ ਹੀ ਵਾਰਦਾਤ ਨੂੰ ਅੰਜਾਮ ਦਿੱਤਾ।
ਮੰਡੀ ਗੋਬਿੰਦਗੜ੍ਹ ਪੁਲਿਸ ਨੇ ਦੋਵਾਂ ਦੋਸਤਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਨਵਦੀਪ ਯਾਦਵ ਪੁੱਤਰ ਸੰਦੀਪ ਕੁਮਾਰ ਵਾਸੀ ਪਿੰਡ ਦਾਹਿਣਮਾ, ਥਾਣਾ ਖੋਲ, ਜ਼ਿਲ੍ਹਾ ਰੇਵਾੜੀ ਵਜੋਂ ਹੋਈ ਹੈ। ਜਦੋਂਕਿ ਦੋਸ਼ੀਆਂ ਦੀ ਪਛਾਣ ਅਜੇ ਕੁਮਾਰ ਵਾਸੀ ਗਾਂਧੀਨਗਰ ਅਤੇ ਮਨਪ੍ਰੀਤ ਸਿੰਘ ਵਾਸੀ ਸੁਭਾਸ਼ ਨਗਰ, ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਦੁਕਾਨਾਂ ‘ਤੇ ਡਿਸਪੋਜ਼ਲ ਅਤੇ ਮਸਾਲੇ ਵੇਚ ਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ। ਉਸ ਦੇ ਲੜਕੇ ਦੀ ਉਮਰ 22 ਸਾਲ ਦੇ ਕਰੀਬ ਸੀ। ਉਹ ਮੰਡੀ ਗੋਬਿੰਦਗੜ੍ਹ ਵਿੱਚ ਬੀ-ਫਾਰਮੇਸੀ ਕਰ ਰਿਹਾ ਸੀ। ਉਹ ਪ੍ਰੀਖਿਆ ਦੇਣ ਲਈ 22 ਅਕਤੂਬਰ 2023 ਨੂੰ ਮੰਡੀ ਗੋਬਿੰਦਗੜ੍ਹ ਆਇਆ ਸੀ। ਉਹ 8 ਦਸੰਬਰ ਤੋਂ ਲਾਪਤਾ ਸੀ।
ਇਹ ਵੀ ਪੜ੍ਹੋ : ਅਵਾਰਾ ਕੁੱਤੇ ਦੇ ਵੱਢਣ ‘ਤੇ ਮੁਆਵਜ਼ਾ ਲੈਣ ਲਈ ਜਾਣੋ ਪੂਰੀ ਪ੍ਰਕਿਰਿਆ, ਇਸ ਜ਼ਿਲ੍ਹੇ ‘ਚ ਬਣਾਈ ਗਈ ਕਮੇਟੀ
ਪਿਤਾ ਨੇ ਦੱਸਿਆ ਕਿ ਗੁੰਮਸ਼ੁਦਗੀ ਦੀ ਸੂਚਨਾ 13 ਦਸੰਬਰ ਨੂੰ ਥਾਣੇ ਵਿੱਚ ਦਰਜ ਕਰਵਾਈ ਸੀ। ਇਸ ਤੋਂ ਬਾਅਦ ਪੁੱਤਰ ਦੀ ਭਾਲ ‘ਚ ਕਈ ਸੀਸੀਟੀਵੀ ਫੁਟੇਜ ਖੰਗਾਲੇ ਗਏ। ਸੀਸੀਟੀਵੀ ਫੁਟੇਜ ‘ਚ ਉਸ ਦੇ ਦੋਸਤ ਸਕੂਟਰ ‘ਤੇ ਕੱਪੜੇ ‘ਚ ਲਪੇਟ ਕੇ ਕੁਝ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਮਗਰੋਂ ਪੁਲਿਸ ਨੇ ਦੋਸ਼ੀ ਅਜੇ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਪਿਤਾ ਨੇ ਦੱਸਿਆ ਕਿ ਪੁੱਤਰ ਕੋਲ ਇੱਕ ਆਈਫੋਨ ਅਤੇ ਇੱਕ ਮਹਿੰਗਾ ਸੈਮਸੰਗ ਫ਼ੋਨ ਅਤੇ 15 ਹਜ਼ਾਰ ਰੁਪਏ ਦੀ ਨਕਦੀ ਸੀ। ਪੁੱਤਰ ਨਵਦੀਪ ਦੇ ਦੋਸਤ ਅਜੈ ਸਿੰਘ ਅਤੇ ਮਨਪ੍ਰੀਤ ਸਿੰਘ ਉਸ ਨੂੰ ਆਪਣੇ ਘਰ ਲੈ ਗਏ ਅਤੇ ਰਾਤ ਵੇਲੇ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਕੇ ਮੌਤ ਦੇ ਘਾਟ ਉਤਾਰ ਦਿੱਤਾ। 9 ਦਸੰਬਰ ਨੂੰ ਨਵਦੀਪ ਦੀ ਲਾਸ਼ ਨੂੰ ਸਕੂਟਰ ‘ਤੇ ਬਿਠਾ ਕੇ ਸਰਹਿੰਦ ਨਹਿਰ ਦੇ ਸੌਂਧਾ ਹੈੱਡ ‘ਤੇ ਸੁੱਟ ਦਿੱਤਾ ਗਿਆ ਸੀ। ਐਸਐਚਓ ਆਕਾਸ਼ ਦੱਤ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਖਨੌਰੀ ਹੈੱਡ ਤੋਂ ਬਰਾਮਦ ਕਰ ਲਈ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ : –